ਨੰਗਲ ਵਾਸੀਆਂ ਵਲੋਂ ਵਾਤਾਵਰਣ ਤੇ ਜਲ ਸੰਭਾਲ ਲਈ ਕੀਤੇ ਜਾਣਗੇ ਉਪਰਾਲੇ

Spread the love

ਗ੍ਰਾਮ ਸਭਾ ਨੰਗਲ ਦੇ ਆਮ ਇਜਲਾਸ ‘ਚ ਸਥਾਈ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਲਈ ਕੀਤੇ ਅਹਿਮ ਫੈਸਲੇ 

ਰਘਵੀਰ ਹੈਪੀ , ਬਰਨਾਲਾ, 2 ਜੁਲਾਈ 2023
      ਪਿੰਡ ਨੰਗਲ ਦੀ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ‘ਚ ਸਵੈ ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ ਅਤੇ ਬੱਚਿਆਂ ਨੂੰ ਆਪਣੀ ਸਮਰੱਥਾ ਤੱਕ ਪਹੁੰਚਾਉਣ ਲਈ ਵਿਕਾਸ ਦੇ ਟੀਚਿਆਂ ਸਬੰਧੀ ਅਹਿਮ ਫੈਸਲੇ ਕੀਤੇ ਹਨ। ਆਮ ਇਜਲਾਸ ਦੀ ਪ੍ਰਧਾਨਗੀ ਸਭਾਪਤੀ ਦਰਸ਼ਨ ਸਿੰਘ ਨੇ ਕੀਤੀ ਅਤੇ ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ। ਪੰਚਾਇਤ ਸਕੱਤਰ ਗੁਰਪ੍ਰੀਤ ਸਿੰਘ ਮੰਗਾ ਨੇ ਪਿਛਲੇ ਵਿੱਤੀ ਸਾਲ ਦੇ ਲੇਖਿਆਂ ਦਾ ਸਾਲਾਨਾ ਚਿੱਠਾ ਅਤੇ ਚਾਲੂ ਸਾਲ ਦੌਰਾਨ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ ਤੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ। 
     ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਬਲਾਕ ਕੋਆਡੀਨੇਟਰ ਕੁਲਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ-ਨਿਰਦੇਸ਼ ‘ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਅਤੇ ਪਾਣੀ ਦੀ ਸਾਂਭ-ਸੰਭਾਲ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡਾਂ ਵਿੱਚ ਠੋਸ ਕੂੜਾ ਪ੍ਰਬੰਧਨ ਲਈ ਸੁੱਕੇ-ਗਿੱਲੇ ਕੂੜੇ ਨੂੰ ਵੱਖੋ-ਵੱਖ ਰੱਖਣ ਲਈ ਪਿਟਸ ਬਣਾਉਣ ਤੋਂ ਇਲਾਵਾ ਕੂੜੇਦਾਨ ਦਿੱਤੇ ਜਾਣੇ ਹਨ ਅਤੇ ਥਾਪਰ ਮਾਡਲ ਛੱਪੜਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
      ਸਥਾਈ ਵਿਕਾਸ ਦੇ ਟੀਚਿਆਂ ਦੇ ਪ੍ਰੋਜੈਕਟ ‘ਤੇ ਕੰਮ ਕਰਨ ਵਾਲੇ ਵੀਡੀਓ ਪਰਮਜੀਤ ਭੁੱਲਰ ਨੇ ਗ੍ਰਾਮ ਸਭਾ ਦੇ ਮੈਂਬਰਾਂ ਨੂੰ 9 ਸਥਾਈ ਵਿਕਾਸ ਦੇ ਟੀਚਿਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਭਾ ਦੇ ਮੈਂਬਰਾਂ ਨੇ ਬਾਲ ਮਿੱਤਰ ਪੰਚਾਇਤ ਅਤੇ ਸਵੈ-ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ ਬਣਾਉਣ ਵਾਲੇ ਥੀਮ ‘ਤੇ ਕੰਮ ਕਰਨ ਦਾ ਸੰਕਲਪ ਲਿਆ।
      ਪੰਚਾਇਤ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਅਹਿਮ ਮਤੇ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਥਾਪਰ ਮਾਡਲ ਛੱਪੜ ਦਾ ਨਿਰਮਾਣ ਕਰਨਾ, ਮੀਂਹ ਦੇ ਪਾਣੀ ਦੀ ਸੰਭਾਲ ਲਈ ਸਾਂਝੀਆਂ ਥਾਵਾਂ ‘ਤੇ ਰੇਨ ਵਾਟਰ ਰੀਚਾਰਜ ਪਿਟ,  ਪੰਚਾਇਤ ਘਰ  ‘ਤੇ ਲਾਇਬ੍ਰੇਰੀ ਦੀ ਉਸਾਰੀ, ਪਾਰਕ ਤੇ ਸਾਂਝੀਆਂ ਥਾਵਾਂ ‘ਤੇ ਪੌਦੇ ਲਾਉਣਾ, ਸੌਲਿਡ ਵੇਸਟ ਮੈਨੇਜਮੈਂਟ ਤਹਿਤ ਪਿਟ, ਸ਼ੈਡ ਤੇ ਚਾਰਦੀਵਾਰੀ, ਹੈਲਥ ਡਿਸਪੈਂਸਰੀ ਦੀ ਇਮਾਰਤ , ਗਲੀਆਂ-ਨਾਲੀਆਂ ਦੀ ਉਸਾਰੀ, ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਦੀ ਚੋਣ, ਬੱਚਿਆਂ ਨੂੰ ਗੁਣਵੱਤਾ ਵਾਲਾ ਪੋਸ਼ਟਿਕ ਭੋਜਨ ਯਕੀਨੀ ਬਣਾਉਣਾ, ਬਾਲ ਵਿਕਾਸ ਸਕੀਮਾਂ ਦਾ ਲਾਭ ਦਿਵਾਉਣਾ ਆਦਿ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।

Spread the love
Scroll to Top