ਮਸ਼ੂਕ ਦੇ ਪਤੀ ਨੂੰ ਫਸਾਉਣ ਲਈ ਕੀਤੇ ਕਤਲ ਦੀ ਢਾਈ ਸਾਲ ਬਾਅਦ ਗੁੱਥੀ ਸੁਲਝੀ
ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 5 ਜੂਨ 2023
ਕਤਲ ਤਾਂ ਸਿਰ ਚੜ੍ਹਕੇ ਖੁਦ ਬੋਲਦੈ , ‘ਤੇ ਭੇਦ ਸਾਰੇ ਆਪੇ ਖੋਲੁਦੈ। ਇਹ ਲੋਕ ਰਾਇ ਅੱਜ ਫਿਰ ਇੱਕ ਵਾਰ ,ਸਮੇਂ ਦੀ ਕਸੌਟੀ ‘ਤੇ,ਉਦੋਂ ਖਰੀ ਉੱਤਰੀ, ਜਦੋਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕਰੀਬ ਢਾਈ ਸਾਲ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝਾ ਲਈ। ਇਸ ਕਤਲ ਦੀ ਵਜਾ ਜਾਨਣ ਤੋਂ ਬਾਅਦ ਪੁਲਿਸ ਅਧਿਕਾਰੀ ਖੁਦ ਵੀ ਦੰਗ ਰਹਿ ਗਏ । ਅਸਲ ਵਿੱਚ ਇਹ ਹੱਤਿਆ ਇੱਕ ਵਿਅਕਤੀ ਨੇ ਆਪਣੀ ਮਸ਼ੂਕ ਦੇ ਪਤੀ ਨੂੰ ਕਤਲ ਦੇ ਝੂਠੇ ਕੇਸ ਵਿੱਚ ਫਸਾਉਣ ਲਈ ਸਾਜਿਸ਼ਾਨਾਂ ਢੰਗ ਨਾਲ ਕੀਤੀ ਸੀ। ਪੁਲਿਸ ਹੁਣ ਇਸ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਪੜਤਾਲ ਕਰਨ ਵਿੱਚ ਜੁਟ ਗਈ ਹੈ।
ਭਾਵੇਂ ਅਜੇ ਅਧਿਕਾਰੀ ਇਸ ਸਬੰਧ ਵਿੱਚ ਜਿਆਦਾ ਕੁੱਝ ਦੱਸਣ ਤੋਂ ਗੁਰੇਜ਼ ਕਰ ਰਹੇ ਹਨ ਪਰ ਪੁਲਿਸ ਸੂਤਰਾਂ ਅਨੁਸਾਰ ਜਾਂਚ ਟੀਮਾਂ ਹੁਣ ਸਬੰਧਤ ਔਰਤ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਵਿੱਚ ਹਨ। ਪੁਲਿਸ ਨੂੰ ਉਮੀਦ ਹੈ ਕਿ ਇਸ ਦੌਰਾਨ ਹੋਰ ਵੀ ਭੇਤ ਖੁੱਲ੍ਹ ਸਕਦੇ ਹਨ। ਮੁਕਤਸਰ ਪੁਲਿਸ ਦੇ ਐਸ ਪੀ ਡੀ ਰਮਨਦੀਪ ਸਿੰਘ ਨੇ ਅੱਜ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਨਵੰਬਰ 2020 ਨੂੰ ਪਿੰਡ ਚੰਨੂੰ ਵਿੱਚ ਝੋਨੇ ਦੇ ਖੇਤ ਵਿਚੋਂ ਗੋਰਾ ਸਿੰਘ ਦੀ ਲਾਸ਼ ਮਿਲੀ ਸੀ। ਥਾਣਾ ਲੰਬੀ ਪੁਲਿਸ ਨੇ ਗੋਰਾ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਦੇ ਬਿਆਨਾਂ ਤੇ ਇਸ ਕਤਲ ਦੇ ਸਬੰਧ ਵਿੱਚ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਸੀ।
ਕਾਫ਼ੀ ਸਮਾਂ ਲੰਘ ਜਾਣ ਦੇ ਬਾਵਜੂਦ ਇਸ ਕਤਲ ਦੀ ਕੋਈ ਉੱਘ-ਸੁੱਘ ਨਹੀਂ ਨਿਕਲੀ ਸੀ। ਹੁਣ ਮੁਕਤਸਰ ਜ਼ਿਲ੍ਹੇ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਪੁਰਾਣੇ ਮਾਮਲਿਆਂ ਖਾਸ ਤੌਰ ਤੇ ਗੰਭੀਰ ਕਿਸਮ ਦੇ ਜੁਰਮਾਂ ਦੀਆਂ ਪਰਤਾਂ ਖੁੱਲਣ ਲਈ ਦਿੱਤੇ ਨਿਰਦੇਸ਼ਾਂ ਦੇ ਅਧਾਰ ਤੇ ਜਦੋਂ ਇਸ ਕੇਸ ਦੀ ਪੜਤਾਲ ਨੂੰ ਅੱਗੇ ਵਧਾਇਆ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਤਕਨੀਕੀ ਅਧਾਰ ਤੇ ਹੱਲ ਕੀਤਾ ਹੈ। ਪੁਲਿਸ ਨੇ ਇਸ ਮੁਕੱਦਮੇ ਦੇ ਸੰਬੰਧ ਵਿੱਚ ਜਗਦੀਸ਼ ਸਿੰਘ ਉਰਫ ਦੀਸ਼ਾ ਪੁੱਤਰ ਗੁਰਲਾਲ ਸਿੰਘ ਵਾਸੀ ਚੰਨੂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਉਹਨਾਂ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਹੀ ਜਗਦੀਸ਼ ਸਿੰਘ ਉਰਫ ਦੀਸ਼ਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਅਸਲ ਵਿੱਚ ਜਗਦੀਸ਼ ਸਿੰਘ ਦੇ ਆਪਣੇ ਹੀ ਪਿੰਡ ਦੀ ਕਿਸੇ ਔਰਤ ਨਾਲ ਨਜ਼ਾਇਜ਼ ਸਬੰਧ ਸਨ। ਉਨ੍ਹਾਂ ਦੱਸਿਆ ਕਿ ਉਸ ਔਰਤ ਦੇ ਪਤੀ ਨੂੰ ਕਤਲ ਕੇਸ ਵਿੱਚ ਫਸਾਉਣ ਖਾਤਰ ਗੋਰਾ ਸਿੰਘ ਦੀ ਹੱਤਿਆ ਕਰ ਦਿੱਤੀ ਪਰ ਅੰਤ ਨੂੰ ਆਪ ਹੀ ਪੁਲਿਸ ਦੇ ਜਾਲ ਵਿਚ ਫਸ ਗਿਆ। ਪੁਲਿਸ ਨੇ ਦੱਸਿਆ ਕਿ ਗੋਰਾ ਸਿੰਘ ਨੂੰ ਕਤਲ ਕਰਨ ਲਈ ਵਰਤੀ ਗਈ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ। ਹੁੰਦੇ ਸਨ ਇਸ ਕੇਸ ਸਬੰਧੀ ਅਗਲੀ ਕਾਰਵਾਈ ਕਰ ਰਹੀ ਹੈ।