ਜ਼ਿਲ੍ਹੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ 98 ਮੈਡੀਕਲ ਕੈਂਪ ਲਗਾਏ : ਡੀ.ਸੀ.

Spread the love

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 18 ਜੁਲਾਈ 2023

     ਜ਼ਿਲ੍ਹੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋੜ ਅਨੁਸਾਰ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਜ਼ਿਲ੍ਹੇ ਦੇ ਸਮੂਹ ਐੱਸ.ਐਮ.ਓ. ਮੈਡੀਕਲ ਟੀਮਾਂ ਨਾਲ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਲਗਾਤਾਰ ਜਾਇਜ਼ਾ ਲੈ ਰਹੇ ਹਨ ਅਤੇ ਲੋਕਾਂ ਦਾ ਇਲਾਜ ਕਰ ਰਹੇ ਹਨ। ਜ਼ਿਲ੍ਹਾ ਵਾਸੀਆਂ ਨੂੰ ਹੜ੍ਹਾਂ ਤੋਂ ਬਾਅਦ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਸਿਹਤ ਵਿਭਾਗ ਵਲੋਂ ਹੜ੍ਹਾਂ ਦੌਰਾਨ ਹੁਣ ਤੱਕ ਲਗਭਗ 98 ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ ਜਿਸ ਵਿਚ 2267 ਦੇ ਕਰੀਬ ਹੜ੍ਹ ਪੀੜਤ ਮਰੀਜਾਂ ਦਾ ਇਲਾਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਇਕ ਸੱਪ ਦੇ ਕੱਟਣ ਦਾ ਕੇਸ ਵੀ ਆਇਆ ਜਿਸ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਦੇ ਕੇ ਬਚਾ ਲਿਆ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।                             

       ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਅਤੇ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਦਸਤ, ਉਲਟੀਆਂ, ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੜ੍ਹੇ ਪਾਣੀ ਵਿੱਚ ਮੱਛਰ ਦਾ ਲਾਰਵਾ ਅਤੇ ਮੱਛਰ ਪੈਦਾ ਹੁੰਦਾ ਹੈ, ਜਿਸ ਕਾਰਨ ਡੇਂਗੂ ਤੇ ਮਲੇਰੀਆ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਇਨ੍ਹਾਂ ਸਾਰੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਇਨਾਂ ਖੇਤਰਾਂ ਵਿਚ ਜਾ ਕੇ ਲਗਾਤਾਰ ਸਪਰੇਅ ਅਤੇ ਦਵਾਈਆਂ ਵੰਡ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿਓ ਜੇਕਰ ਕਿਸੇ ਕਾਰਨ ਅਜਿਹਾ ਸੰਵਭ ਨਹੀਂ ਹੁੰਦਾਂ ਤਾਂ ਖੜੇ ਪਾਣੀ ਵਿਚ ਕਾਲਾ ਤੇਲ ਜਾਂ ਕੇਰੋਸੀਨ ਮਿਲਾ ਦਿਓ ਤਾਂ ਜੋ ਡੇਂਗੂ ਮੱਛਰ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਸ਼ੂਆਂ ਦੀ ਬੀਮਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਵੈਟਨਰੀ ਡਾਕਟਰਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ ਜੋ ਲੋਕਾਂ ਨੂੰ ਪਸ਼ੂਆਂ ਦੀਆਂ ਦਵਾਈਆਂ ਮੁਫ਼ਤ ਉਪਲਬੱਧ ਕਰਾ ਰਹੇ ਹਨ।   

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤ ਵਿਭਾਗ ਫਿਰੋਜ਼ਪੁਰ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਨਾਲ ਜੇਕਰ ਕਿਸੇ ਵੀ ਇਲਾਕੇ ਵਿਚ ਸਿਹਤ ਨੂੰ ਲੈਕੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ ‘ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹਨ ਅਤੇ ਜ਼ਰੂਰਤ ਪੈਣ’ ਤੇ ਉਸ ਇਲਾਕੇ ਵਿਚ ਵੀ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ।                                     

    ਇਸ ਸਬੰਧੀ ਸਿਵਲ ਸਰਜਨ ਡਾ: ਰਾਜਿੰਦਰਪਾਲ ਨੇ ਹੜ੍ਹੀ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਧਿਆਨ ਰੱਖਣ ਯੋਗ ਜਰੂਰੀ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਣ ਵਾਲਾ ਪਾਣੀ ਕਿਸੇ ਸਾਫ ਅਤੇ ਸੁਰੱਖਿਅਤ ਸੋਮੇ ਤੋਂ ਹੀ ਲਿਆ ਜਾਵੇ, ਖਾਣਾ ਖਾਣ ਤੋਂ ਪਹਿਲਾਂ ਅਤੇ ਪਾਖਾਣਾ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਣ ਪਾਈ ਨਾਲ ਚੰਗੀ ਤਰਾਂ ਧੋਵੋ, ਭੋਜਨ ਨੂੰ ਚੰਗੀ ਤਰਾਂ ਪਕਾਇਆ ਜਾਵੇ ਅਤੇ ਉਚਿਤ ਤਾਪਮਾਨ ਤੇ ਸਟੋਰ ਕੀਤਾ ਜਾਵੇ, ਭੋਜਨ ਦੀ ਰਹਿੰਦ ਖੂੰਹਦ ਦਾ ਉਚਿਤ ਨਿਪਟਾਰਾ ਕੀਤਾ ਜਾਵੇ। ਬੱਚਿਆ ਨੂੰ ਹੜ੍ਹ ਦੇ ਪਾਣੀ ਵਿੱਚ ਤੁਰਨ ਤੋਂ ਰੋਕੋ, ਮੱਛਰਾਂ ਦੇ ਵਾਧੇ ਨੂੰ ਰੋਕਣ ਲਈ ਆਲਾ ਦੁਆਲਾ ਸਾਫ ਰੱਖੋ, ਮਲੇਰੀਆ ਤੇ ਡੇਂਗੂ ਦੇ ਪ੍ਰਸਾਰ ਨੂੰ ਰੋਕਣ ਤੇ ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀ ਦਾ ਇਸਤੇਮਾਲ ਕਰੋ। ਬੇਹਾ ਭੋਜਣ ਅਤੇ ਹੜ ਵਾਲੇ ਪਾਈ ਦੇ ਸੰਪਰਕ ਵਿੱਚ ਆਉਣ ਵਾਲੀ ਖਾਦ ਸਮੱਗਰੀ ਨਾ ਵਰਤੋ, ਇੰਫੈਕਸ਼ਨ ਦੇ ਲੱਛਣ ਸਾਹਮਣੇ ਆਉਣ ਤੇ ਡਾਕਟਰ ਨਾਲ ਸੰਪਰਕ ਕਰੋ। ਜੇਕਰ ਸੱਪ ਕੱਟ ਜਾਵੇ ਤਾਂ ਅਤਿ ਭੈਭੀਤ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਸਾਰੇ ਸੱਪ ਜਹਿਰੀਲੇ ਨਹੀਂ ਹੁੰਦੇ। ਫਿਰ ਵੀ ਅਜਿਹੀ ਸਥਿਤੀ ਪੇਸ਼ ਆ ਜਾਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਹਸਪਤਾਲ ਜਾਣਾ ਚਾਹੀਦਾ ਹੈ।                   

     ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਜ਼ਿਲਾ ਹਸਪਤਾਲ ਫਿਰੋਜ਼ਪੁਰ, ਸਬ ਡਵੀਜਨਲ ਹਸਪਤਾਲ ਜ਼ੀਰਾ ਅਤੇ ਸਾਰੀਆਂ ਸੀ.ਐਚ.ਸੀਜ਼ ਤੇ ਸੱਪ ਦੇ ਕੱਟੇ ਦੇ ਇਲਾਜ ਲਈ ਐਂਟੀ ਵੀਨੋਮ ਟੀਕੇ ਉਪਲੱਬਧ ਹਨ। ਅਜਿਹੀ ਹਾਲਤ ਵਿੱਚ ਕਿਸੇ ਵੀ ਕਿਸਮ ਦੀ ਐਮਰਜੰਸੀ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਕੰਟਰੋਲ ਰੂਮ ਨੰ 95010-17187 ਅਤੇ ਸਬ ਡਵੀਜ਼ਨਲ ਹਸਪਤਾਲ ਜੀਰਾ ਵਿਖੇ ਕੰਟਰੋਲ ਰੂਮ ਨੰ 98762-21700 ‘ਤੇ ਸੰਪਰਕ ਅਨੁਸਾਰ ਤਾਲਮੇਲ ਕੀਤਾ ਜਾ ਸਕਦਾ ਹੈ।


Spread the love
Scroll to Top