-ਅਫਵਾਹਾਂ ਦਾ ਚੱਲਦੈ ਦੌਰ, ਬਦਲੀ ਲਈ ਲੱਗਿਆ ਜੋਰ
ਬਰਨਾਲਾ ਟੂਡੇ,
ਹੁਣ ਜਲਦ ਹੀ ਐਸਐਸਪੀ ਬਰਨਾਲਾ ਸੰਦੀਪ ਗੋਇਲ ਦੀ ਬਦਲੀ ਹੋਣ ਵਾਲੀ ਹੈ, ਬਿਨਾਂ ਕਿਸੇ ਠੋਸ ਅਧਾਰ ਤੋਂ ਹੀ ਜਿੱਥੇ ਐਸਐਸਪੀ ਦੀ ਕਾਰਜ਼ਸ਼ੈਲੀ ਤੋਂ ਤੰਗ ਆ ਚੁੱਕੇ ਵਿਅਕਤੀਆਂ ਦਾ ਅਜਿਹੀਆਂ ਅਫਵਾਹਾਂ ਫੈਲਾਉਣ ਤੇ ਪੂਰਾ ਜੋਰ ਲੱਗਿਆ ਹੋਇਆ ਹੈ। ਉੱਥੇ ਹੀ ਐਸਐਸਪੀ ਦੀ ਕਾਰਜ਼ਸ਼ੈਲੀ ਤੋਂ ਪ੍ਰਭਾਵਿਤ ਹੋਏ ਲੋਕ ਵੀ ਜਲਦ ਬਦਲੀ ਹੋਣ ਦਾ ਖਦਸ਼ਾ ਪ੍ਰਗਟਾ ਰਹੇ ਹਨ। ਉੱਨ੍ਹਾਂ ਨੂੰ ਲੱਗ ਰਿਹਾ ਹੈ ਕਿ ਐਸਐਸਪੀ ਦੀ ਸਖਤੀ ਨਾਲ ਜਿੰਨ੍ਹਾਂ ਲੋਕਾਂ ਦਾ ਧੰਦਾ ਚੌਪਟ ਹੋ ਚੁੱਕਾ ਹੈ, ਉਹੀ ਲੋਕ ਉੱਨ੍ਹਾਂ ਦੀ ਬਦਲੀ ਕਰਵਾਉਣ ਲਈ ਪੂਰਾ ਜੋਰ ਤਾਣ ਲਾ ਦੇਣਗੇ। ਬਦਲੀ ਦੀਆਂ ਗੱਲਾਂ ਹਰ ਥਾਂ ਚੱਲ ਰਹੀਆਂ ਹਨ। ਜਦੋਂ ਕਿ ਸੱਚ ਇਹ ਹੈ ਕਿ ਕਿਸੇ ਵੀ ਅਧਿਕਾਰੀ ਦੀ ਬਦਲੀ ਦਾ ਪਤਾ ਉਸ ਨੂੰ ਖੁਦ ਨੂੰ ਵੀ ਬਦਲੀ ਹੋਣ ਤੇ ਹੀ ਲੱਗਦਾ ਹੈ। ਦਰਅਸਲ ਅਫਵਾਹਾਂ ਦੀ ਵੱਡੀ ਵਜ੍ਹਾ ਪ੍ਰਦੇਸ਼ ਦਾ ਰਾਜਸੀ ਤਾਣਾ-ਬਾਣਾ ਹੀ ਹੈ। ਕਿਉਂਕਿ ਹਰ ਕੋਈ ਵਿਅਕਤੀ ਚੰਗੀ ਤਰਾਂ ਜਾਣਦਾ ਤੇ ਸਮਝਦਾ ਹੈ ਕਿ ਬਦਲੀਆਂ ਤੇ ਤਾਇਨਾਤੀਆਂ ਸੱਤਾ ਤੇ ਕਾਬਿਜ਼ ਧਿਰ ਦੇ ਹਲਕਿਆਂ ਦੇ ਇੰਚਾਰਜਾਂ ਦੇ ਹਿੱਤਾਂ ਦੀ ਪੂਰਤੀ ਦੇ ਅਧਾਰ ਤੇ ਹੀ ਹੁੰਦੀਆਂ ਹਨ। ਅਜਿਹੇ ਹਾਲਤ ਵਿੱਚ ਜਦੋਂ ਕਿਸੇ ਅਧਿਕਾਰੀ ਦੀ ਬਦੌਲਤ ਕਿਸੇ ਸੱਤਾਧਾਰੀ ਨੇਤਾ ਦੇ ਰਾਜਸੀ ਹਿੱਤ ਪੂਰੇ ਨਾ ਹੋਣ ਤਾਂ ਫਿਰ ਉਹ ਖੁਦ ਆਪਣਾ ਧੰਦਾ ਤੇ ਸੁਭਾਅ ਬਦਲਣ ਦੀ ਬਜਾਏ, ਆਪਣੀ ਰਾਹ ਵਿੱਚ ਪੈਦਾ ਹੋਏ ਰੋੜੇ ਨੂੰ ਦੂਰ ਕਰਨ ਲਈ ਪੂਰੀ ਵਾਹ ਲਾ ਦਿੰਦਾ ਹੈ। ਅਜ਼ਿਹਾ ਲੋਕ ਮੂੰਹੋਂ ਮੂੰਹ ਕਹਿ ਰਹੇ ਹਨ ਕਿ ਆਪਣੀ ਮਰਜ਼ੀ ਦੇ ਮਾਲਿਕ ਸ੍ਰੀ ਗੋਇਲ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ। ਬੱਸ ਆਪਣੇ ਕੰਮ ਤੇ ਹੀ ਧਿਆਨ ਕੇਂਦਰਿਤ ਕਰੀ ਰੱਖਦੇ ਹਨ। ਐਸਐਸਪੀ ਦੀ ਬਦਲੀ ਦੀਆਂ ਅਫਵਾਹਾਂ ਚ, ਕਿੰਨੀ ਕੁ ਸਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ, ਕਿ ਸਰਕਾਰ ਅਧਿਕਾਰੀ ਦੀ ਕਾਰਗੁਜਾਰੀ ਨੂੰ ਧਿਆਨ ਵਿੱਚ ਰੱਖਦੀ ਹੈ, ਜਾਂ ਫਿਰ ਆਪਣੀ ਪਾਰਟੀ ਦੇ ਲੀਡਰਾਂ ਦੇ ਹਿੱਤ ਪੂਰਦੀ ਹੋਈ ਲੋਕਾਂ ਦੇ ਦਿਲਾਂ ਤੇ ਛਾ ਚੁੱਕੇ ਸ੍ਰੀ ਗੋਇਲ ਨੂੰ ਕੰਮ ਦੀ ਸ਼ਾਬਾਸ਼ ਬਦਲੀ ਦੇ ਰੂਪ ਵਿੱਚ ਦਿੰਦੀ ਹੈ।
-ਵੱਡੇ ਸਾਬ੍ਹ ਨੂੰ ਨੇਤਾ ਜੀ ਨੇ ਘਰ ਬੁਲਾਇਆ, ਪਰ ਉਹ ਨਹੀਂ ਗਏ,,
ਲੋਕਾਂ ਵਿੱਚ ਸਭ ਤੋਂ ਜਿਆਦਾ ਬਦਲੀ ਦੀਆਂ ਗੱਲਾਂ ਸੁਣ ਕੇ ਇੱਕੋ ਗੱਲ ਸਾਹਮਣੇ ਆਈ ਹੈ ਕਿ ਕੁਝ ਦਿਨ ਪਹਿਲਾਂ ਇਲਾਕੇ ਦੇ ਵੱਡੇ ਨੇਤਾ ਨੇ ਕੋਈ ਕੰਮ ਦੇ ਬਹਾਨੇ, ਵੱਡੇ ਸਾਬ੍ਹ ਨੂੰ ਆਪਣੇ ਘਰ ਬੁਲਾਇਆ ਸੀ। ਪਰ ਉੱਨ੍ਹਾਂ ਖੁਦ ਦੇ ਕੰਮ ਚ, ਰੁੱਝਿਆ ਹੋਣ ਦੀ ਗੱਲ ਕਹਿ ਕੇ ਨੇਤਾ ਜੀ ਦੇ ਦਰਬਾਰ ਚ, ਹਾਜ਼ਿਰੀ ਭਰਨ ਤੋਂ ਨਾਹ ਕਰ ਦਿੱਤੀ। ਸੱਚ ਕੀ ਹੈ ਇਹ ਤਾਂ ਵੱਡਾ ਸਾਬ੍ਹ ਤੇ ਵੱਡੇ ਨੇਤਾ ਜੀ ਹੀ ਬੇਹਤਰ ਜਾਣਦੇ ਹਨ। ਪਰੰਤੂ ਅਪੁਸ਼ਟ ਖਬਰ ਇਹ ਵੀ ਹੈ ਕਿ ਵੱਡੇ ਸਾਬ੍ਹ ਦੀ ਤਾਇਨਾਤੀ ਸਮੇਂ ਵੀ ਨੇਤਾ ਜੀ ਦੀ ਕੋਈ ਰਾਇ ਨਹੀਂ ਲਈ ਗਈ ਸੀ।