ਅੱਧੀ ਰਾਤ ਘਰ ਵੜੀ ਲੁਟੇਰਿਆਂ ਦੀ ਧਾੜ! ਮਾਂ-ਧੀ ਨੂੰ ਬੇਰਹਿਮੀ ਨਾਲ ਵੱਢਿਆ ‘ਤੇ,,,

Spread the love

ਰਘਵੀਰ ਹੈਪੀ, ਬਰਨਾਲਾ 16 ਅਗਸਤ 2023 

     ਬਰਨਾਲਾ ਜਿਲ੍ਹੇ ਅੰਦਰ ਇੱਕ ਤੋਂ ਬਾਅਦ ਵਾਪਰ ਰਹੀਆਂ ਲੁੱਟ ਖੋਹ ਤੇ ਕਤਲਾਂ ਦੀ ਵਾਰਦਾਤਾਂ ਨੇ ਲੋਕਾਂ ਅੰਦਰ ਖੌਫ ਪੈਦਾ ਕਰ ਦਿੱਤਾ ਹੈ। ਸੇਖਾ ਰੋਡ ਬਰਨਾਲਾ ਖੇਤਰ ‘ਚ ਲੁਟੇਰਿਆਂ ਵੱਲੋਂ ਇੱਕ ਔਰਤ ਦਾ ਕਤਲ ਕਰਕੇ,ਕੀਤੀ ਲੁੱਟ ਦੀਆਂ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ, ਲੰਘੀ ਰਾਤ ਸੇਖਾ ਪਿੰਡ ਦੇ ਇੱਕ ਘਰ ਅੰਦਰ ਜਬਰਦਸਤੀ ਆ ਵੜੀ ਲੁਟੇਰਿਆਂ ਦੀ ਧਾੜ ਨੇ ਘਰ ਅੰਦਰ ਦਾਖਿਲ ਹੋ ਕੇ ਮਾਂ ਧੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਰ ਜਵਾਈ ਬਣ ਕੇ ਰਹਿੰਦੇ ਨੌਜਵਾਨ ਨੂੰ ਵੀ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਜਿਹੜਾ, ਹਾਲੇ ਸਿਵਲ ਹਸਪਤਾਲ ਬਰਨਾਲਾ ‘ਚ ਜਿੰਦਗੀ ਲਈ ਮੌਤ ਨਾਲ ਲੜਾਈ ਲੜ ਰਿਹਾ ਹੈ। ਘਟਨਾ ਦੀ ਸੂਚਨਾ ਮਿਲਿਦਿਆਂ ਹੀ ਐਸ.ਪੀ.ਡੀ. ਸ੍ਰੀ ਰਮਨੀਸ਼ ਚੌਧਰੀ, ਡੀਐਸਪੀ ਸਬ ਡਿਵੀਜਨ ਸਤਵੀਰ ਸਿੰਘ ਬੈਂਸ,ਡੀਐਸਪੀ ਹਾਲ ਐਸਐਚੳ ਸਦਰ ਬਰਨਾਲਾ ਕਰਨ ਸ਼ਰਮਾ ਪੁਲਿਸ ਪਾਰਟੀ ਸਣੇ ਵਾਰਦਾਤ ਵਾਲੀ ਕਾਂ ਪਹੁੰਚ  ਗਏ ਹਨ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਤੇਜਧਾਰ ਹਥਿਆਰਾਂ ਨਾਲ ਲੈਸ 7/8 ਲੁਟੇਰੇ ਲੁੱਟ ਦੀ ਨੀਯਤ ਨਾਲ ਹਰੀ ਕੇ ਪੱਤੀ ਪਿੰਡ ਸੇਖਾ ਵਿਖੇ ਹਰਬੰਸ ਕੌਂਰ ਦੇ ਘਰ ਆ ਵੜ੍ਹੇ। ਖੜਕਾ ਸੁਣ ਕੇ ਘਰ ‘ਚ ਮੌਜੂਦ ਪਰਮਜੀਤ ਕੌਰ ਉਰਫ ਮਾਣੇ (35)ਅਤੇ ਉਸ ਦੀ ਮਾਂ ਹਰਬੰਸ ਕੌਰ (70) ਨੇ ਬਚਾਉ ਬਚਾਉ ਦਾ ਰੌਲਾ ਪਾਇਆ। ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਨਾਲ ਦੋਵਾਂ ਜਣੀਆਂ ਉੱਤੇ ਬੇਰਿਹਮੀ ਨਲਾ ਹਮਲਾ ਕਰ ਦਿੱਤਾ। ਘਰ ਜਵਾਈ ਵਜੋਂ ਰਹਿੰਦੇ ਪਰਮਜੀਤ ਕੌਰ ਦਾ ਪਤੀ ਰਾਜਦੀਪ @ ਰਾਜਵੀਰ ਸਿੰਘ ਬਚਾਅ ਲਈ ਅੱਗੇ ਵਧਿਆ ਤਾਂ ਲੁਟੇਰਿਆਂ ਨੇ ਉਸ ਪਰ ਵੀ ਕਈ ਵਾਰ ਕੀਤੇ। ਲੁਟੇਰੇ ਮਾਰਧਾੜ ਕਰਨ ਤੋਂ ਬਾਅਦ ਲੌਕਰਾਂ ਵਿੱਚ ਪਏ ਸੋਨੇ ਦੇ ਕਾਫੀ ਗਹਿਣੇ ਆਦਿ ਲੈ ਕੇ ਫਰਾਰ ਹੋ ਗਏ।

” ਮਾਣੇ ” ਕਹਿੰਦੀ ਰਾਜਦੀਪ ਮੈਨੂੰ ਬਚਾ ਲੈ,,,,

ਸੇਖਾ ਪਿੰਡ ਅੰਦਰ ਵਾਪਰੀ ਹੌਲਨਾਕ ਘਟਨਾ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਦਾਖਿਲ ਜੇਰ ਏ ਇਲਾਜ ਤੇ ਕਾਫੀ ਸਹਿਮੇ ਹੋਏ ਰਾਜਦੀਪ ਨੇ ਕਿਹਾ ਕਿ ਪਹਿਲਾਂ ਦੋ ਵਿਅਕਤੀ ਘਰ ਅੰਦਰ ਦਾਖਿਲ ਹੋਏ। ਜਿੰਨ੍ਹਾਂ ਤੋਂ ਬਾਅਦ 7/8 ਵਿਅਕਤੀ ਹੋਰ ਵੀ ਘਰ ਅੰਦਰ ਆ ਗਏ, ਸਾਰਿਆਂ ਦੇ ਹੱਥਾਂ ਵਿੱਚ ਖਪਰੇ ਆਦਿ ਤੇਜਧਾਰ ਹਥਿਆਰ ਫੜੇ ਹੋਏ ਸਨ। ਜਦੋਂ ਉਨ੍ਹਾਂ ਮੇਰੀ ਸੱਸ ਹਰਬੰਸ ਕੌਰ ਤੇ ਹਮਲਾ ਕੀਤਾ ਤਾਂ ਮੇਰੀ ਪਤਨੀ ਪਰਮਜੀਤ ਕੌਰ ਮਾਣੇ, ਬਚਾਅ ਲਈ ਅੱਗੇ ਵਧੀ,ਫਿਰ ਮਾਣੇ ਕਹਿੰਦੀ ਰਹੀ, ਰਾਜਦੀਪ ਆਜਾ ਸਾਨੂੰ ਬਚਾ ਲੈ, ਅਸੀਂ ਸਾਰਿਆਂ ਨੇ ਖੂੰਖਾਰ ਲੁਟੇਰਿਆਂ ਦੀਆਂ ਸਾਨੂੰ ਛੱਡ ਦੇਣ ਲਈ, ਬੜੀਆਂ ਮਿੰਨਤਾਂ ਤਰਲੇ ਕੀਤੇ,ਪਰ ਉਨ੍ਹਾਂ ਸਾਡੀ ਇੱਕ ਨਹੀਂ ਸੁਣੀ, ਉਹ ਇੱਕੋ ਗੱਲ ਕਹਿੰਦੇ ਰਹੇ, ਉਹ ਗੁਪਤ ਕਮਰਾ ਦੱਸੋ ਜਿੱਥੇ ਸੋਨਾ ਅਤੇ ਹੋਰ ਨਗਦੀ ਵਗੈਰਾ ਰੱਖੇ ਹੋਏ ਹਨ। ਸਾਰੇ ਲੁਟੇਰੇ ਸਾਨੂੰ ਜਖਮੀ ਕਰਕੇ, ਖੁਦ ਘਰ ਅੰਦਰ ਪੇਟੀਆਂ ਆਦਿ ਦੀ ਤਲਾਸ਼ੀ ਅਤੇ ਫਰੋਲਾ ਫਰਾਲੀ ਕਰਦੇ ਰਹੇ। ਉਹ ਸਾਨੂੰ ਘਰ ਅੰਦਰ ਖੂਨ ਨਾਲ ਲੱਥਪੱਥ ਹਾਲਤ ਵਿੱਚ ਛੱਡ ਕੇ, ਜੋ ਹੱਥ ਲੱਗਿਆ, ਲੁੱਟ ਕੇ ਫਰਾਰ ਹੋ ਗਏ।                                                                     ਡੀਐਸਪੀ ਸਤਵੀਰ ਸਿੰਘ ਬੈਂਸ ਨੇ ਮੀਡੀਆ ਨੂੰ ਦੱਸਿਆ ਕਿ ਲੁਟੇਰੇ ਲੁੱਟ ਦੀ ਨੀਯਤ ਨਾਲ ਹੀ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ। ਲੁਟੇਰਿਆਂ ਦੇ ਹਮਲੇ ‘ਚ ਪਰਮਜੀਤ ਕੌਰ ਅਤੇ ਉਸ ਦੀ ਮਾਂ ਹਰਬੰਸ ਕੌਰ ਦੀ ਮੌਤ ਹੋ ਗਈ। ਜਦੋਂਕਿ ਜਖਮੀ ਹੋਇਆ ਰਾਜਦੀਪ ਸਿੰਘ ਹਸਪਤਾਲ ਵਿਖੇ ਦਾਖਿਲ ਹੈ। ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਕਬਜੇ ਵਿੱਚ ਲੈ ਕੇ,ਉਨ੍ਹਾਂ ਦੇ ਪੋਸਟਮਾਰਟਮ ਅਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਦੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ। ਬੇਸ਼ੱਕ ਪੁਲਿਸ ਫਿਲਹਾਲ ਇਸ ਦੋਹਰੇ ਕਤਲ ਦੀ ਵਾਰਦਾਤ ਨੂੰ ਲੁੱਟ ਦੀ ਘਟਨਾ ਨਾਲ ਜੋੜ ਕੇ ਹੀ ਦੇਖ ਰਹੀ ਹੈ, ਪਰੰਤੂ ਪਿੰਡ ਦੀਆਂ ਸੱਥਾਂ ‘ਚ ਚਲਦੀ ਚੁੰਝ ਚਰਚਾ ਤਾਂ ਹੋਰ ਹੀ ਕੁੱਝ ਕਹਾਣੀ ਬਿਆਨ ਕਰ ਰਹੀ ਹੈ। ਪੁਲਿਸ ਅਧਿਕਾਰੀ ਚੁੰਝ ਚਰਚਾ ਨੂੰ ਵੀ ਅੱਖੋਂ-ਪਰੋਖੇ ਕਰਨ ਦੀ ਰੌਂਅ ਵਿੱਚ ਵੀ ਨਹੀਂ ਹਨ। ਪੁਲਿਸ ਦੇ ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਪੁਲਿਸ ਅਧਿਕਾਰੀ ਪੁੱਛਗਿੱਛ ਦੀ ਰਵਾਇਤੀ ਪਰੰਪਰਾ ਅਨੁਸਾਰ ਵੀ ਘਟਨਾ ਨੂੰ ਜ਼ਰ,ਜ਼ੋਰੋ ਤੇ ਜਮੀਨ ਦੇ ਐਂਗਲਾਂ ਤੋਂ ਵੀ ਖੰਗਾਲ ਰਹੇ ਹਨ।                                                                 

ਲੁਟੇਰੇ ਲੈ ਗਏ ਸੀਸੀਟੀਵੀ ਕੈਮਰਿਆਂ ਦਾ DVR

    ਐਸ.ਪੀ.ਡੀ. ਰਮਨੀਸ਼ ਚੌਧਰੀ ਨੇ ਦੱਸਿਆ ਕਿ ਲੁਟੇਰੇ ਵਾਰਦਾਤ ਤੋਂ ਬਾਅਦ ਸੁਰਾਗ ਮਿਟਾਉਣ ਦੀ ਮੰਸ਼ਾ ਨਾਲ ਘਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦਾ DVR ਵੀ ਲੈ ਗਏ ਹਨ।                                ਹੁਣ ਪੁਲਿਸ ਆਸ ਪਾਸ ਦੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਅਤੇ ਮੋਬਾਇਲ ਟਾਵਰਾਂ ਦੀ ਲੁਕੇਸ਼ਨ ਆਦਿ ਲੈ ਕੇ ਜਲਦ ਹੀ ਲੁਟੇਰਿਆਂ ਦੀ ਸ਼ਨਾਖਤ ਕਰਕੇ,ਉਨ੍ਹਾਂ ਨੂੰ ਗਿਰਫਤਾਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀਆਂ ਟੈਕਨੀਕਲ ਤੇ ਖੁਫੀਆ ਢੰਗ ਨਾਲ ਵਾਰਦਾਤ ਵਿੱਚ ਸ਼ਾਮਿਲ ਲੁਟੇਰਿਆਂ ਦਾ ਸੁਰਾਗ ਲਾਉਣ ਵਿੱਚ ਜੁੱਟ ਗਈ ਹੈ। ਉਨਾਂ ਦੱਸਿਆ ਕਿ ਮਾਨਯੋਗ ਐਸਐਸਪੀ ਸ੍ਰੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਕ੍ਰਾਈਮ ਡਿਟੈਕਟ ਕਰਨ ਲਈ ਵੱਖ ਵੱਖ ਮਾਹਿਰਾਂ ਦੀ ਅਗਵਾਈ ਵਿੱਚ ਟੀਮਾਂ ਗਠਿਤ ਕੀਤੀਆ ਜਾ ਰਹੀਆਂ ਹਨ। ਅਪਰਾਧੀ ਕਿੰਨ੍ਹੇ ਵੀ ਸ਼ਾਤਿਰ ਕਿਉਂ ਨਾ ਹੋਣ, ਪੁਲਿਸ ਦੇ ਸ਼ਿਕੰਜੇ ਤੋਂ ਬਚ ਨਹੀਂ ਸਕਣਗੇ। 


Spread the love
Scroll to Top