* ਪਹਿਲੇ ਗੇੜ ਵਿੱਚ ਕੀਤਾ ਜਾਵੇਗਾ ਘਰਾਂ ਨੂੰ ਸੂਚੀਬੱਧ: ਡਿਪਟੀ ਕਮਿਸ਼ਨਰ
ਬਰਨਾਲਾ,
ਜਨਗਣਨਾ 2021 ਤਹਿਤ ਘਰਾਂ ਨੂੰ ਸੂਚੀਬੱਧ ਕਰਨ ਤੇ ਘਰਾਂ ਦੀ ਗਣਨਾ ਸਬੰਧੀ ਜ਼ਿਲਾ ਪੱਧਰੀ ਚਾਰਜ ਅਧਿਕਾਰੀਆਂ, ਸਹਾਇਕ ਚਾਰਜ ਅਧਿਕਾਰੀਆਂ ਤੇ ਟੈਕਨੀਕਲ ਸਹਾਇਕਾਂ ਦੀ 2 ਰੋਜ਼ਾ ਸਿਖਲਾਈ ਅੱਜ ਇਥੇ ਜ਼ਿਲਾ ਪ੍ਰ੍ਰਬੰੰਧਕੀ ਕੰਪਲੈਕਸ ਵਿਖੇ ਸ਼ੁੁਰੂ ਹੋ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਜਨਗਣਨਾ ਦੇ ਪਹਿਲੇ ਗੇੜ ਦੌਰਾਨ 15 ਮਈ ਤੋਂ 29 ਜੂਨ 2020 ਤੱਕ ਘਰਾਂ ਨੂੰ ਸੂਚੀਬੱਧ ਅਤੇ ਘਰਾਂ ਦੀ ਗਣਨਾ ਕੀਤੀ ਜਾਵੇਗੀ। ਇਹ ਸਿਖਲਾਈ ਸਹਾਇਕ ਡਾਇਰੈਕਟਰ ਮਹੇਸ਼ ਗੌਤਮ ਵੱਲੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ੍ਰੀ ਅਰੁਣ ਜਿੰਦਲ ਅਤੇ ਡੀਡੀਪੀਓ ਸ੍ਰੀ ਸੰਜੀਵ ਸ਼ਰਮਾ ਵੀ ਹਾਜ਼ਰ ਰਹੇ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਵਿਕਾਸ ਦੇ ਉਦੇਸ਼ਾਂ ਲਈ ਯੋਜਨਾਬੰਦੀ ਅਤੇ ਨੀਤੀਆਂ ਘੜਨ ਲਈ ਜਨਗਣਨਾ ਇੱਕ ਮਹੱਤਵਪੂਰਨ ਮਾਪਦੰਡ ਹੈ। ਉਨਾਂ ਪ੍ਰਕਿਰਿਆ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਲੋਕਾਂ ਦੀ ਭਾਗੀਦਾਰੀ ਨੂੰ ਲਾਜ਼ਮੀ ਦੱਸਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਪਰਿਵਾਰ ਜਾਂ ਵਿਅਕਤੀ ਇਸ ਪ੍ਰਕਿਰਿਆ ਵਿੱਚ ਪਿੱਛੇ ਨਾ ਰਹੇ, ਕਿਉਂਕਿ ਇਹ ਪਿੰਡ ਪੱਧਰੀ ਅੰਕੜੇ ਮੁਹੱਈਆ ਕਰਵਾਉਂਦਾ ਹੈ ਜੋ ਸਾਖਰਤਾ ਦਰ, ਵਿਦਿਅਕ ਪੱਧਰ, ਜ਼ਮੀਨੀ ਪੱਧਰ ਤੇ ਰਹਿਣ ਦਾ ਮਿਆਰ ਨਿਰਧਾਰਿਤ ਕਰਨ ਅਤੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਸਰਵੇਖਣ ਦਾ ਆਧਾਰ ਬਣਦੀ ਹੈ।
ਇਸ ਮੌਕੇ ਦੁਨੀਆਂ ਦੇ ਸਭ ਤੋਂ ਵੱਡੇ ਪ੍ਰਸਾਸਕੀ ਅਭਿਆਸ ਵਜੋਂ ਜਨਗਣਨਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ 2021 ਇਕ ਮਿਸਾਲੀ ਤਬਦੀਲੀ ਦੀ ਨਿਸ਼ਾਨਦੇਹੀ ਕਰੇਗੀ, ਕਿਉਂਕਿ ਇਸ ਵਾਰ ਵਿਸ਼ੇਸ ਤੌਰ ’ਤੇ ਤਿਆਰ ਕੀਤੀ ਮੋਬਾਈਲ ਐਪ ਰਾਹੀਂ ਐਨੂਮੀਰੇਟਰਸ ਅਤੇ ਸੁਪਰਵਾਈਜ਼ਰ ਅੰਕੜੇ ਇਕੱਠੇ ਕਰਨਗੇ। ਇਸ ਤੋਂ ਇਲਾਵਾ ਜਨਗਣਨਾ ਨਿਗਰਾਨੀ ਅਤੇ ਪ੍ਰਬੰਧਨ ਪ੍ਰਣਾਲੀ (ਸੀ.ਐੱਮ.ਐੱਮ.ਐੱਸ.) ਰਾਹੀਂ ਪੂਰੇ ਫੀਲਡ ਦੇ ਕੰਮ ਦੀ ਨਿਗਰਾਨੀ ਕੀਤੀ ਜਾਵੇਗੀ। ਇਹ ਜਨਗਣਨਾ ਵਿਭਾਗ ਦੇ ਮੁੱਖ ਸਰਵਰ ’ਤੇ ਡੇਟਾ ਨੂੰ ਤੇਜ਼ੀ ਨਾਲ ਅਤੇ ਸਿੱਧਾ ਅਪਲੋਡ ਕਰਨ ਦੇ ਯੋਗ ਬਣਾਏਗਾ।