–ਟਕਸਾਲੀ ਆਗੂਆਂ ਦਾ ਦੋਸ਼, ਕਾਂਗਰਸ ਨੂੰ ਖਤਮ ਕਰਨ ਤੇ ਤੁੱਲਿਆ ਹੋਇਐ,ਸਾਬਕਾ ਕਾਂਗਰਸੀ ਵਿਧਾਇਕ
ਬਰਨਾਲਾ
ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੀਆਂ ਦੋਵੇਂ ਹੀ ਮਾਰਕੀਟ ਕਮੇਟੀਆਂ ਬਰਨਾਲਾ ਤੇ ਧਨੌਲਾ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਆਪਣੇ ਅਹੁਦਿਆਂ ਨੂੰ ਠੁਕਰਾ ਕੇ ਬਾਗੀ ਹੋ ਗਏ। ਰੈਸਟ ਹਾਊਸ ਚ, ਸੱਦੀ ਪ੍ਰੈਸ ਕਾਨਫਰੰਸ ਵਿੱਚ ਧਨੌਲਾ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਤੇ ਬਰਨਾਲਾ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਬਲਦੇਵ ਦਾਸ ਮਹੰਤ ਨੇ ਅਹੁਦਾ ਨਾ ਸੰਭਾਲਣ ਦਾ ਐਲਾਨ ਕਰ ਦਿੱਤਾ। ਪਰੰਤੂ ਬਲਦੇਵ ਦਾਸ ਮਹੰਤ ਖੁਦ ਕਿਸੇ ਕਾਰਣ ਪ੍ਰੈਸ ਕਾਨਫਰੰਸ ਚ, ਸ਼ਾਮਿਲ ਨਹੀਂ ਹੋ ਸਕੇ। ਉੱਨ੍ਹਾਂ ਦੀ ਤਰਫੋਂ ਅਹੁਦਾ ਠੁਕਰਾ ਦੇਣ ਦਾ ਐਲਾਨ ਸੀਨੀਅਰ ਐਡਵੋਕੇਟ ਤੇ ਕਾਂਗਰਸੀ ਆਗੂ ਜਤਿੰਦਰ ਬਹਾਦਰਪੁਰੀਆ ਨੇ ਕੀਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਮੇਟੀ ਦਾ ਚੇਅਰਮੈਨ ਘੱਟ ਪੜ੍ਹਿਆ, ਤੇ ਮੈਂ ਬੀਏ ਪਾਸ,ਉਹ ਹਾਲੇ ਇੱਕ ਸਾਲ ਪਹਿਲਾ ਕਾਂਗਰਸ ਵਿੱਚ ਸ਼ਾਮਿਲ ਹੋਇਆ ਹੈ, ਸਾਡੇ ਪਰਿਵਾਰ ਨੇ ਕਰੀਬ ਚਾਲੀ ਵਰ੍ਹਿਆਂ ਤੋਂ ਕਾਂਗਰਸ ਦਾ ਝੰਡਾ ਚੁੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਜਿਲ੍ਹਾ ਪੱਧਰੀ ਸਰਕਾਰੀ ਅਧਿਕਾਰੀ ਰਿਟਾਇਰ ਹੋਇਆ ਹਾਂ। ਸਿੱਧੂ ਨੇ ਕਿਹਾ ਕਿ ਜਦੋਂ ਮੈਂ ਮਾਰਕੀਟ ਕਮੇਟੀਆਂ ਦੀ ਜਾਰੀ ਸੂਚੀ ਚ, ਅਪਣਾ ਨਾਮ ਵਾਈਸ ਚੇਅਰਮੈਨ ਦੇ ਤੌਰ ਤੇ ਦੇਖਿਆ ਤਾਂ, ਬੋਲਣ ਨੂੰ ਮਜਬੂਰ ਹੋ ਗਿਆ , ਢਿੱਲੋਂ ਨੂੰ ਫੋਨ ਲਾ ਕੇ ਉਲਾਂਭਾ ਦਿੱਤਾ ਕਿ ਮੈਂ ਕਦੇ ਤੁਹਾਡੇ ਤੋਂ ਕਿਸੇ ਅਹੁਦੇ ਦੀ ਮੰਗ ਨਹੀ ਕੀਤੀ ਸੀ, ਤੁਸੀ ਇਹ ਅਹੁਦਾ ਦੇ ਕੇ ਮੈਨੂੰ ਮਾਣ ਨਹੀ ਬਖਸ਼ਿਆ, ਸਗੋਂ ਅਪਮਾਣਿਤ ਕੀਤਾ ਹੈ। ਆਹ ਚੁੱਕੋ ਥੋਡਾ ਅਹੁਦਾ ਕਿਸੇ ਹੋਰ, ਅਹੁਦੇ ਦੇ ਲਾਲਚੀ ਨੂੰ ਦੇ ਕੇ ਖੁਸ਼ ਕਰ ਦਿਉ। ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਹਰ ਪੱਖ ਤੋਂ ਆਪਣੇ ਤੋਂ ਜੂਨੀਅਰ ਵਿਅਕਤੀ ਦੇ ਹੇਠ ਰਹਿ ਕੇ ਕੰਮ ਨਹੀਂ ਕਰ ਸਕਦਾ। ਇਸ ਮੌਕੇ ਉੱਨ੍ਹਾਂ ਦੇ ਇਲਾਕੇ ਦੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਨੇ ਵੀ ਢਿੱਲੋਂ ਵਿਰੁੱਧ ਡਟ ਕੇ ਭੜਾਸ ਕੱਢੀ।
- ਬਲਦੇਵ ਦਾਸ ਮਹੰਤ ਵੀ ਨਹੀਂ ਸੰਭਾਲਣਗੇ ਅਹੁਦਾ
ਸੀਨੀਅਰ ਕਾਂਗਰਸੀ ਆਗੂ ਤੇ ਪ੍ਰਸਿੱਧ ਵਕੀਲ ਜਤਿੰਦਰ ਬਹਾਦਰਪੁਰੀਆ ਨੇ ਕਿਹਾ ਕਿ ਬਰਨਾਲਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਵਾਈਸ ਚੇਅਰਮੈਨ ਬਲਦੇਵ ਦਾਸ ਮਹੰਤ ਅਚਾਣਕ ਨਿੱਕਲੇ ਕਿਸੇ ਜਰੂਰੀ ਕੰਮ ਕਾਰਣ ਪ੍ਰੈਸ ਕਾਨਫਰੰਸ ਵਿੱਚ ਨਹੀ ਪਹੁੰਚ ਸਕੇ। ਪਰ ਉਨ੍ਹਾਂ ਨੇ ਮੈਨੂੰ ਆਪਣਾ ਅਹੁਦਾ ਸਵੀਕਾਰ ਨਹੀਂ ਕਰਨ ਦਾ ਐਲਾਨ ਪ੍ਰੈਸ ਕਾਰਨਫਰੰਸ ਵਿੱਚ ਕਰਨ ਲਈ ਕਿਹਾ ਹੈ। ਬਲਦੇਵ ਦਾਸ ਮਹੰਤ ਨੇ ਖੁਦ ਵੀ ਫੋਨ ਤੇ ਪ੍ਰੈਸ ਨੂੰ ਅਹੁਦਾ ਨਹੀਂ ਸੰਭਾਲਣ ਦੀ ਪੁਸ਼ਟੀ ਕੀਤੀ। ਇਸ ਮੌਕੇ ਐਡਵੋਕੇਟ ਜਤਿੰਦਰ ਬਹਾਦਰਪੁਰੀਆ ਨੇ ਕਿਹਾ ਕਿ ਹਲਕਾ ਇੰਚਾਰਜ਼ ਤੇ ਦੋ ਵਾਰ ਚੋਣ ਹਰਿਆ ਕੇਵਲ ਸਿੰਘ ਢਿੱਲੋਂ ਬਰਾਨਾਲਾ ਵਿਧਾਨ ਸਭਾ ਹੀ ਨਹੀਂ, ਪੂਰੇ ਜਿਲ੍ਹੇ ਚੋਂ ਹੀ ਕਾਂਗਰਸ ਨੂੰ ਕਮਜੋਰ ਕਰਨ ਤੇ ਤੁੱਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਢਿੱਲੋਂ ਟਕਸਾਲੀ ਕਾਂਗਰਸੀਆਂ ਨੂੰ ਖੁੱਡੇ ਲਾਈਨ ਲਾ ਕੇ ਪੈਸੇ ਵਾਲਿਆਂ ਨੂੰ ਵੱਡੇ ਅਹੁਦੇ ਬਖਸ਼ ਰਿਹਾ ਹੈ। ਹੁਣ ਟਕਸਾਲੀ ਕਾਂਗਰਸੀ ਵੀ ਚੁੱਪ ਕਰਕੇ ਨਹੀਂ ਬੈਠਣਗੇ। ਮੀਡੀਆ ਨਾਲ ਫੋਨ ਤੇ ਗੱਲ ਕਰਦਿਆਂ ਮਹੰਤ ਬਲਦੇਵ ਦਾਸ ਨੇ ਕਿਹਾ ਕਿ ਢਿੱਲੋਂ ਖੁਦ ਵੱਡਾ ਧਨਾਢ ਹੈ, ਤੇ ਵੱਡਿਆਂ ਦਾ ਹੀ ਯਾਰ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਉਹ ਇੱਕ ਸਾਲ ਪਹਿਲਾ ਪਾਰਟੀ ਵਿੱਚ ਸ਼ਾਮਿਲ ਹੋਏ ਵਿਅਕਤੀ ਨੂੰ ਚੇਅਰਮੈਨ ਨਾ ਬਣਾਉਦਾ। - ਢਿੱਲੋਂ ਨੇ ਜਿਲ੍ਹੇ ਚੋਂ ਕਾਂਗਰਸ ਦਾ ਸਫਾਇਆ ਕਰਨ ਦੀ ਸੋਂਹ ਹੀ ਖਾਧੀ -ਬਾਜਵਾ
ਨਗਰ ਕੌਸਲ ਦੇ ਸਾਬਕਾ ਐਮਸੀ ਤੇ ਸੀਨੀਅਰ ਕਾਂਗਰਸੀ ਹਰਦੇਵ ਸਿੰਘ ਲੀਲਾ ਬਾਜਵਾ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਬਾਜਵਾ ਨੇ ਕਿਹਾ ਕਿ ਲੱਗਦੈ, ਜਿਵੇਂ ਕੇਵਲ ਢਿੱਲੋਂ ਨੇ ਜਿਲ੍ਹੇ ਚੋਂ ਕਾਂਗਰਸ ਦਾ ਸਫਾਇਆ ਕਰਨ ਦੀ ਸੋਂਹ ਹੀ ਖਾਧੀ ਹੋਵੇ। ਢਿੱਲੋਂ ਦਾ ਹਰ ਫੈਸਲਾ ਹਲਕੇ ਚੋਂ ਪਾਰਟੀ ਨੂੰ ਖਤਮ ਕਰਨ ਵਾਲਾ ਹੀ ਹੁੰਦਾ ਹੈ। ਬਾਜਵਾ ਨੇ ਕਿਹਾ ਕਿ ਅਸੀਂ ਬੁਰੇ ਦੌਰ ਵਿੱਚ ਵੀ ਪਾਰਟੀ ਨਾਲ ਖੜ੍ਹੇ, ਅਕਾਲੀਆਂ ਤੋਂ ਲੱਤਾਂ ਤੁੜਵਾਈਆਂ, ਪਰ ਢਿੱਲੋਂ ਨੇ ਟਕਸਾਲੀਆਂ ਦੀ ਰੱਤੀ ਭਰ ਕਦਰ ਨਹੀਂ ਪਾਈ। ਬਾਜਵਾ ਨੇ ਕਿਹਾ ਕਿ ਹੁਣ ਟਕਸਾਲੀਆਂ ਨੇ ਫੈਸਲਾ ਕਰ ਲਿਆ ਕਿ ਜਾਂ ਤਾਂ ਹਲਕੇ ਦੀ ਕਮਾਂਡ ਢਿੱਲੋਂ ਦੇ ਹੱਥ ਨਹੀਂ ਰਹੂ, ਜਾਂ ਫਿਰ ਅਸੀਂ ਉਹਦੀ ਅਗਵਾਈ ਚ, ਪਾਰਟੀ ਵਿੱਚ ਕੰਮ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਜਿਵੇਂ ਇੱਕ ਮਿਆਨ ਚ, ਦੋ ਤਲਵਾਰਾਂ ਨਹੀਂ ਰਹਿ ਸਕਦੀਆਂ,ਉਵੇਂ ਹੀ ਢਿੱਲੋਂ ਤੇ ਟਕਸਾਲੀ ਹੁਣ ਇੱਕ ਥਾਂ ਨਹੀਂ ਰਹਿ ਸਕਦੇ।
-ਨਗਰ ਕੌਸਲ ਚੋਣਾਂ, ਵੱਖ ਲੜਨਗੇ ਬਰਨਾਲਾ ਚ, ਟਕਸਾਲੀ
ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਬਹਾਦੁਰਪੁਰੀਆ ਤੇ ਹਰਦੇਵ ਸਿੰਘ ਲੀਲਾ ਬਾਜਵਾ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਕੌਸਲ ਚੋਣਾਂ ਵਿੱਚ ਕੋਈ ਵੀ ਟਕਸਾਲੀ ਕਾਂਗਰਸੀ ਨੇਤਾ, ਕੇਵਲ ਸਿੰਘ ਢਿੱਲੋਂ ਦੀ ਅਗਵਾਈ ਚ, ਚੋਣ ਮੈਦਾਨ ਵਿੱਚ ਉੱਤਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਨਗਰ ਕੌਂਸਲ ਚੋਣਾਂ ਟਕਸਾਲੀ ਵੱਖਰੇ ਤੌਰ ਤੇ ਲੜਨਗੇ। ਇਸ ਮੌਕੇ ਟਕਸਾਲੀ ਕਾਂਗਰਸੀ ਰਾਜਵੰਤ ਸਿੰਘ ਭੱਦਲਵੱਢ ਤੇ ਹੋਰਨਾ ਟਕਸਾਲੀਆਂ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਢਿੱਲੋਂ ਜੁੰਡਲੀ ਦੀ ਕੋਠੀ ਚ, ਹੀ ਕੈਪਚਰ ਕੀਤੀ,ਕਾਂਗਰਸ ਨੂੰ ਰਿਹਾ ਕਰਵਾਕੇ ਬਚਾਇਆ ਜਾਵੇ। ਨਹੀਂ ਤਾਂ ਕਾਂਗਰਸ ਦੀ ਹਾਰ ਪਿਛਲੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾ ਤੋਂ ਵੀ ਨਮੋਸ਼ੀਜਨਕ ਹੋਵੇਗੀ। ਇਸ ਮੌਕੇ ਨਗਰ ਕੌਸਲ ਦੇ ਸਾਬਕਾ ਮੀਤ ਪ੍ਰਧਾਨ ਮਨਦੀਪ ਸਿੰਘ ਢਿੱਲੋ, ਅਮਰਜੀਤ ਸਿੰਘ ਕਾਕਾ ਹੰਡਿਆਇਆ ਸਣੇ ਹੋਰ ਵੀ ਟਕਸਾਲੀ ਕਾਂਗਰਸੀ ਨੇਤਾ ਤੇ ਵਰਕਰ ਹਾਜ਼ਿਰ ਰਹੇ। ਵਰਨਣਯੋਗ ਹੈ ਕਿ ਮੰਗਲਵਾਰ ਦੀ ਸ਼ਾਮ ਸਰਕਾਰ ਨੇ ਬਰਨਾਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਅਸ਼ੋਕ ਕੁਮਾਰ ਨੂੰ ਤੇ ਵਾਈਸ ਚੇਅਰਮੈਨ ਬਲਦੇਵ ਦਾਸ ਮਹੰਤ ਸੰਘੇੜਾ ਨੂੰ , ਧਨੌਲਾ ਮਾਰਕੀਟ ਕਮੇਟੀ ਦਾ ਚੇਅਰਮੈਨ ਜੀਵਨ ਬਾਂਸਲ ਤੇ ਵਾਈਸ ਚੇਅਰਮੈਨ ਸੀਨੀਅਰ ਕਾਂਗਰਸੀ ਆਗੂ ਮੋਹਿੰਦਰ ਸਿੰਘ ਭੂਰੇ ਨੂੰ ਨਿਯੁਕਤ ਕੀਤਾ ਸੀ। ਢਿੱਲੋਂ ਦਾ ਪੱਖ ਜਾਣਨ ਲਈ, ਕਈ ਵਾਰ ਫੋਨ ਤੇ ਸੰਪਰਕ ਕੀਤਾ,ਪਰ ਉੱਨ੍ਹਾਂ ਫੋਨ ਰਿਸੀਵ ਨਹੀਂ ਕੀਤਾ।