ਕੋਰੋਨਾ ਵਾਇਰਸ ਸਬੰਧੀ ਝੂਠੀਆਂ ਅਫਵਾਹਾਂ ਫੈਲਾ ਰਹੇ ਸੀ ਦੋਸ਼ੀ
-ਬਰਨਾਲਾ ਟੂਡੇ ਬਿਊਰੋ
ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਤੇ ਪੁਲਿਸ ਨੇ ਸਖਤੀ ਕਰਨ ਦਾ ਮੂਡ ਬਣਾ ਲਿਆ ਹੈ। ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿਰੁੱਧ ਬਿਨਾਂ ਦੇਰੀ ਕੇਸ ਦਰਜ਼ ਕਰਕੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇ। ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਥਾਣਾ ਸਿਟੀ 1 ਵਿਖੇ 4 ਅਣਪਛਾਤੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ਼ ਵੀ ਕਰ ਦਿੱਤਾ ਗਿਆ ਹੈ। ਥਾਣੇਦਾਰ ਮੱਖਣ ਸ਼ਾਹ ਨੇ ਦੱਸਿਆ ਕਿ ਉਸ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਫੁਹਾਰਾ ਚੌਂਕ ਦੇ ਨੇੜੇ 3/4 ਅਣਪਛਾਤੇ ਵਿਅਕਤੀ ਕੋਰੋਨਾ ਵਾਇਰਸ ਸਬੰਧੀ ਗੁੰਮਰਾਹ ਕਰਕੇ ਝੂਠੀਆਂ ਅਫਵਾਹਾਂ ਫੈਲਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਰਹੇ ਹਨ। ਅਫਵਾਹਾਂ ਦੀ ਵਜ੍ਹਾ ਕਰਕੇ ਲੋਕਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ ਤੇ ਨੁਕਸ-ਏ-ਅਮਨ ਨੂੰ ਖਤਰਾ ਪੈਦਾ ਹੋ ਰਿਹਾ ਹੈ। ਅਜਿਹਾ ਕਰਨ ਵਾਲੇ ਵਿਅਕਤੀ ਮਾਣਯੋਗ ਡੀ.ਸੀ. ਬਰਨਾਲਾ ਜੀ ਦੇ ਹੁਕਮ ਦੀ ੳੁਲੰਘਣਾ ਵੀ ਕਰ ਰਹੇ ਹਨ। ਸੂਚਨਾ ਦੇ ਅਧਾਰ ਤੇ ਦੋਸੀਆਂ ਦੇ ਖਿਲਾਫ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਸ਼ਿਨਾਖਤ ਤੇ ਤਲਾਸ਼ ਸ਼ੁਰੂ ਗਰ ਦਿੱਤੀ ਹੈ। ਜਲਦ ਹੀ ਉੱਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੇ ਖੁਫੀਆਂ ਏਜੰਸੀਆਂ ਪੂਰੀ ਨਿਗਰਾਣੀ ਰੱਖ ਰਹੀਆਂ ਹਨ। ਕਿਸੇ ਵੀ ਅਫਵਾਹਾਂ ਫੈਲਾਉਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਮਨ ਸ਼ਾਤੀ ਕਾਇਮ ਰੱਖਣ ਤੇ ਜਨ ਹਿੱਤ ਵਿੱਚ ਲਾਗੂ ਜਨਤਾ ਕਰਫਿਊ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।