ਕੋਰੋਨਾ ਦਾ ਕਹਿਰ-2 ਪੁਲਿਸ ਮੁਲਾਜਮਾਂ ਸਮੇਤ 3 ਹੋਰ ਸ਼ੱਕੀ ਮਰੀਜ਼ ਪਹੁੰਚੇ ਹਸਪਤਾਲ ** ਹੋਲਾ ਮਹੱਲਾ ਡਿਊਟੀ ਤੇ ਤਾਇਨਾਤ ਸਨ ਦੋਵੇਂ ਪੁਲਿਸ ਕਰਮਚਾਰੀ

Spread the love

-ਢੱਲਦੀ ਉਮਰੇ ਸ਼ਰਧਾ ਨਾਲ ਸਿਰ ਨਿਵਾਉਣ ਗਿਆ ਸੀ ਧਨੇਰ ਆਲਾ ਬਾਬਾ
-ਕੁਰੜ ਵਾਲੀ ਕੁੜੀ ਦੀ ਰਿਪੋਰਟ ਵੀ ਨੈਗੇਟਿਵ, ਨਾ ਕੋਰੋਨਾ ਨਾ ਸਵਾਇਨ ਫਲੂ -ਹਾਲੇ ਤੱਕ ਜਿਲ੍ਹੇ ਦੇ ਕਿਸੇ ਵੀ ਮਰੀਜ਼ ਦੀ ਰਿਪੋਰਟ ਪਾਜੇਟਿਵ ਨਹੀ ਆਈ-ਐਸਐਮਉ
ਬਰਨਾਲਾ 24 ਮਾਰਚ
ਜਿਲ੍ਹੇ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਹੁਣ ਕੋਰੋਨਾ ਦੇ ਸ਼ੱਕੀ ਮਰੀਜਾਂ ਵਿੱਚ ਪੁਲਿਸ ਦੇ ਉਹ ਕਰਮਚਾਰੀ ਵੀ ਸ਼ਾਮਿਲ ਹੋ ਗਏ ਹਨ। ਜਿਹੜੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਡਿਊਟੀ ਨਿਭਾਉਣ ਲਈ ਗਏ ਸੀ। ਬਠਿੰਡਾ ਜਿਲ੍ਹੇ ਨਾਲ ਸਬੰਧਿਤ ਅਤੇ ਬਰਨਾਲਾ ਜਿਲ੍ਹੇ ਵਿੱਚ ਡਿਊਟੀ ਤੇ ਤਾਇਨਾਤ ਦੋਵੇਂ ਪੁਲਿਸ ਕਰਮਚਾਰੀਆਂ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਹੋਣ ਕਾਰਣ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਕੀਤਾ ਗਿਆ ਹੈ। ਜਿੰਨ੍ਹਾਂ ਦੇ ਸੈਂਪਲ ਰਿਪੋਰਟ ਲਈ, ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਭੇਜ਼ ਵੀ ਦਿੱਤੇ ਗਏ ਹਨ। ਇਸੇ ਤਰਾਂ ਹੀ ਮਹਿਲ ਕਲਾਂ ਦੇ ਪਿੰਡ ਧਨੇਰ ਦੇ ਇੱਕ ਬਜੁਰਗ ਬਾਬੇ ਨੂੰ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੇ ਤੌਰ ਤੇ ਹਸਪਤਾਲ ਲਿਆਂਦਾ ਗਿਆ ਹੈ। ਕਰੀਬ 80 ਕੁ ਵਰਿ੍ਹਆਂ ਦਾ ਇਹ ਬਾਬਾ ਢੱਲਦੀ ਉਮਰੇ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਸਿਰ ਨਿਵਾਉਣ ਗਿਆ ਸੀ। ਇਸ ਬਾਬੇ ਦੇ ਸੈਂਪਲ ਵੀ ਜਾਂਚ ਲਈ ਰਜਿੰਦਰਾ ਹਸਪਤਾਲ ਭੇਜ਼ੇ ਗਏ ਹਨ। ਡਾਕਟਰਾਂ ਅਨੁਸਾਰ ਕੋਰੋਨਾ ਦੇ ਸ਼ੱਕੀ ਤਿੰਨੋਂ ਹੀ ਮਰੀਜਾਂ ਦੀ ਹਾਲਤ ਠੀਕ ਹੈ। ਤਿੰਨਾਂ ਨੂੰ ਹੀ ਤੇਜ਼ ਬੁਖਾਰ,ਖਾਂਸੀ ਤੇ ਪੇਟ ਦਰਦ ਦੀ ਵਜ੍ਹਾ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਭਰਤੀ ਦੋਵੇਂ ਹੀ ਪੁਲਿਸ ਕਰਮਚਾਰੀ ਹੁਣ ¬ਕ੍ਰਮ ਅਨੁਸਾਰ ਤਪਾ ਤੇ ਭਦੌੜ ਥਾਣਿਆਂ ਵਿੱਚ ਡਿਊਟੀ ਤੇ ਤਾਇਨਾਤ ਹਨ।
-ਪੁਲਿਸ ਕਰਮਚਾਰੀਆਂ ਵਿੱਚ ਵੀ ਭੈਅ
ਆਪਣੀ ਜਾਨ ਜੋਖਿਮ ਵਿੱਚ ਪਾ ਕੇ ਕਰਫਿਊ ਦੇ ਦੌਰਾਨ ਵੀ ਦਿਨ ਰਾਤ ਤਨਦੇਹੀ ਨਾਲ ਡਿਊਟੀ ਨਿਭਾ ਰਹੇ, ਉੱਨ੍ਹਾਂ ਪੁਲਿਸ ਕਰਮਚਾਰੀਆਂ ਦੇ ਚਿਹਰਿਆਂ ਤੇ ਵੀ ਭੈਅ ਸਾਫ ਦਿਖਾਈ ਦੇ ਰਿਹਾ ਹੈ। ਜਿਹੜੇ ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇ ਸਮਾਗਮਾਂ ਵਿੱਚ ਡਿਊਟੀਆਂ ਦੇ ਕੇ ਆਏ ਸਨ। ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਪੁੱਛਣ ਤੇ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਮੌਸਮ ਦੇ ਬਦਲਾਉ ਕਰਕੇ ਵੀ ਖੰਘ,ਬੁਖਾਰ ਤੇ ਪੇਟ ਦਰਦ ਦੀ ਸਮੱਸਿਆ ਆਮ ਹੋ ਜਾਂਦੀ ਹੈ। ਪਰੰਤੂ ਵਿਦੇਸ਼ਾਂ ਚ, ਕੋਰੋਨਾ ਦੀ ਵਜ੍ਹਾ ਨਾਲ ਹੋ ਰਹੀਆਂ ਮੌਤਾਂ ਅਤੇ ਵਿਦੇਸ਼ ਚੋਂ ਹੀ ਕੋਰੋਨਾ ਦੀ ਬੀਮਾਰੀ ਸਹੇੜ ਕੇ ਲਿਆਏ ਬਲਦੇਵ ਸਿੰਘ ਬੰਗਾ ਦੇ ਹੋਲਾ ਮਹੱਲਾ ਦੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਆਉਣ ਤੋਂ ਬਾਅਦ ਉਸਦੀ ਕੋਰੋਨਾ ਦੀ ਵਜ੍ਹਾ ਨਾਲ ਮੌਤ ਹੋ ਜਾਣ ਕਾਰਣ ਹੋਲਾ ਮਹੱਲਾ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਆਏ ਸ਼ਰਧਾਲੂਆਂ ਨੂੰ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜਾਂ ਦੇ ਤੌਰ ਤੇ ਇਹਤਿਆਤਨ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਜਾ ਰਿਹਾ ਹੈ ਤੇ ਉੱਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ।

 

ਉਨ੍ਹਾਂ ਕਿਹਾ ਕਿ ਇਕੱਲਾ ਜਾਂਚ ਲਈ ਸੈਂਪਲ ਭੇਜੇ ਜਾਣ ਨੂੰ ਹੀ ਕੋਰੋਨਾ ਦੇ ਮਰੀਜ਼ ਨਹੀਂ ਸਮਝਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇੱਕ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ ਦੀ ਪਾਜੇਟਿਵ ਰਿਪੋਰਟ ਨਹੀ ਆਈ। ਇਹ ਵੀ ਜਿਲ੍ਹਾ ਵਾਸੀਆਂ ਲਈ ਸੁਖਦ ਗੱਲ ਹੀ ਹੈ। ਡਾਕਟਰ ਕੌਸ਼ਲ ਨੇ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਹਸਪਤਾਲ ਚ, ਭਰਤੀ ਕੁਰੜ ਵਾਲੀ ਕੁੜੀ ਦੀ ਰਿਪੋਰਟ ਵੀ ਨੈਗੇਟਿਵ ਹੀ ਆਈ ਹੈ। ਯਾਨੀ ਇਸ ਕੁੜੀ ਨੂੰ ਨਾ ਕੋਰੋਨਾ ਅਤੇ ਨਾ ਹੀ ਸਵਾਇਨ ਫਲੂ ਦਾ ਹੋਣਾ ਪਾਇਆ ਗਿਆ ਹੈ।


Spread the love
Scroll to Top