ਲੋਕਾਂ ਸਿਰ ਮੰਡਰਾ ਰਿਹਾ ਕੋਰੋਨਾ ਦਾ ਖਤਰਾ,ਪਰ ਵਾਈਐਸ ਸਕੂਲ ਵਾਲਿਆਂ ਨੂੰ ਲੱਗੀ ਪੈਸੇ ਇਕੱਠੇ ਕਰਨ ਦੀ ਹੋੜ
ਬੱਚਿਆਂ ਦੇ ਦਾਖਿਲੇ ਲਈ ਮਾਪਿਆਂ ਨੂੰ ਕਰ ਰਹੇ ਫੋਨ ਤੇ ਵੱਟਸਅਪ ਮੈਸੇਜ
ਕੁਲਵੰਤ ਰਾਏ ਗੋਇਲ, ਬਰਨਾਲਾ 25 ਮਾਰਚ 2020
ਦੁਨੀਆਂ ਉਜੜਨ ਨੂੰ ਫਿਰੇ, ਕਮਲੀ ਨੂੰ ਚੜ੍ਹਿਆ ਗਿੱਧੇ ਦਾ ਚਾਅ,, ਸਦੀਆਂ ਤੋਂ ਮੂੰਹੋਂ-ਮੂੰਹ ਅੱਗੇ ਤੋਂ ਅੱਗੇ ਚੱਲ ਰਹੀ ਇਹ ਕਹਾਵਤ ਇੱਨ੍ਹੀ ਦਿਨੀਂ, ਵਾਈਐਸ ਪਬਲਿਕ ਸਕੂਲ ਵਾਲਿਆਂ ਤੇ ਪੂਰੀ ਤਰਾਂ ਢੁੱਕਦੀ ਹੈ। ਇੱਕ ਪਾਸੇ ਤਾਂ ਬਰਨਾਲਾ ਇਲਾਕਾ ਹੀ ਨਹੀ, ਸਗੋਂ ਪੂਰੀ ਦਨੀਆਂ ਦੇ ਸਿਰ ਤੇ ਕੋਰੋਨਾ ਵਾਇਰਸ ਦਾ ਖਤਰਾ ਮੌਤ ਬਣ ਕੇ ਮੰਡਰਾ ਰਿਹਾ ਹੈ। ਦੇਸ਼ ਵਿੱਚ ਕਰਫਿਊ ਲੱਗਿਆ ਹੋਇਆ ਹੈ। ਘਰੋ-ਘਰੀ ਕੈਦ ਹੋਏ ਬੈਠੇ ਲੋਕਾਂ ਨੂੰ ਦੋ ਡੰਗ ਦੀ ਰੋਟੀ ਤੇ ਠੱਪ ਪਏ ਕਾਰੋਬਾਰ ਨੇ ਬੇਚੈਨ ਕਰ ਰੱਖਿਆ ਹੈ। ਪਰੰਤੂ ਦੂਜੇ ਪਾਸੇ ਆਪਣੇ ਆਪ ਨੂੰ ਜਿਲ੍ਹੇ ਦੇ 50 ਟੌਪ ਪਬਲਿਕ ਸਕੂਲਾਂ ਵਿੱਚ ਸ਼ੁਮਾਰ ਹੋਣ ਦਾ ਦਾਅਵਾ ਕਰ ਰਹੇ ਵਾਈਐਸ ਪਬਲਿਕ ਸਕੂਲ ਵਾਲਿਆਂ ਨੂੰ ਇਹੋ ਜਿਹੇ ਹਾਲਤ ਵਿੱਚ ਵੀ ਆਪਣੇ ਹੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ,,ਪਹਿਲਾਂ ਆਉ ਤੇ ਪਹਿਲਾਂ ਪਾਉ,, ਦੇ ਮੈਸਜ ਭੇਜ-ਭੇਜ਼ ਕੇ ਅਤੇ ਫੋਨ ਕਰ-ਕਰਕੇ ਪ੍ਰੇਸ਼ਾਨ ਕਰਨ ਦੀ ਲੱਗੀ ਪਈ ਹੈ। ਵਾਈਐਸ ਸਕੂਲ ਦੀ ਇੱਕ ਸੀਨੀਅਰ ਅਧਿਆਪਕਾ ਬਿੰਮੀ ਪੁਰੀ ਵੱਲੋਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆ ਨੂੰ ਵੱਟਸਅਪ ਰਾਹੀਂ ਮੈਸੇਜ ਭੇਜ ਕੇ ਤੇ ਫੋਨ ਕਰਕੇ ਜਲਦੀ ਤੋਂ ਜਲਦੀ ਦਾਖਿਲੇ ਲਈ ਫੀਸਾਂ ਆਨ ਲਾਈਨ ਭਰਨ ਲਈ ਕਿਹਾ ਜਾ ਰਿਹਾ ਹੈ। ਇਸ ਬਾਰੇ ਜਦੋਂ ਫੋਨ ਤੇ ਲੋਕਾਂ ਨੂੰ ਮੈਸਜ ਭੇਜ਼ ਰਹੀ ਅਧਿਆਪਕਾ ਬਿੰਮੀ ਪੁਰੀ ਨਾਲ ਗੱਲ ਕੀਤੀ ਤਾਂ, ਉਨ੍ਹਾਂ ਬੜੇ ਤਲਖੀ ਭਰੇ ਅੰਦਾਜ਼ ਚ, ਕਿਹਾ ਕਿ ਮੈਸਜ ਦੇਣਾ ਤੇ ਪਹਿਲਾਂ ਦਾਖਿਲਾ ਕਰਵਾਉਣ ਲਈ ਕਹਿਣਾ ਕੋਈ ਗਲਤ ਨਹੀ ਹੈ,
ਜੇਕਰ ਕੋਈ ਆਨ ਲਾਈਨ ਫੀਸ ਭਰਕੇ ਦਾਖਿਲਾ ਨਹੀਂ ਕਰਵਾਉਣਾ ਚਾਹੁੰਦਾ ਤਾਂ ਨਾ ਸਹੀ, ਫਿਰ ਆਪਣੇ ਬੱਚਿਆਂ ਨੂੰ ਏ ਸੈਕਸ਼ਨ ਯਾਨੀ ਹੁਸ਼ਿਆਰ ਵਿਦਿਆਰਥੀਆਂ ਵਾਲੀ ਸੈਕਸ਼ਨ ਨੂੰ ਛੱਡ ਕੇ ਹੋਰ ਸੈਕਸ਼ਨਾਂ ਵਿੱਚ ਹੀ ਦਾਖਿਲਾ ਮਿਲੂ, ਚੋਣ ਲੋਕਾਂ ਨੇ ਖੁਦ ਕਰਨੀ ਹੈ। ਵਾਈਐਸ ਸਕੂਲ ਵਾਲਿਆਂ ਦੇ ਇਸ ਅਸੰਵੇਦਨਸ਼ੀਲ ਤੇ ਗੈਰ ਇਨਸਾਨੀਅਤ ਵਾਲੇ ਰਵੱਈਏ ਕਾਰਣ ਮਾਪਿਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 16 ਏਕੜ ਤੇ 22 ਏਕੜ ਖੇਤਰ ਬਰਨਾਲਾ ਅਤੇ ਬਾਬਾ ਦੀਪ ਸਿੰਘ ਨਗਰ ਆਦਿ ਖੇਤਰਾਂ ਵਿੱਚ ਰਹਿੰਦੇ ਵਿਦਿਆਰਥੀਆਂ ਦੇ ਕੁਝ ਮਾਪਿਆਂ ਨੇ ,,ਬਰਨਾਲਾ ਟੂਡੇ,, ਦੀ ਟੀਮ ਨਾਲ ਸੰਪਰਕ ਕਰਕੇ ਆਪਣੀ ਪ੍ਰੇਸ਼ਾਨੀ ਸਾਂਝੀ ਕਰਦਿਆਂ ਕਿਹਾ ਕਿ ਉਹ ਸਮਝ ਹੀ ਨਹੀਂ ਪਾ ਰਹੇ ਕਿ ਉਹ ਕਿਵੇਂ ਸਕੂਲ ਦੀ ਫੀਸ ਭਰਨ ਅਤੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਿਲ ਕਰਵਾਉਣ। ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਦੋਂ 15 ਅਪ੍ਰੈਲ ਤੱਕ ਕਰਫਿਊ ਲਾਗੂ ਹੋ ਚੁੱਕਾ ਹੈ ਤਾਂ ਫਿਰ ਵਾਈਐਸ ਸਕੂਲ ਵਾਲਿਆਂ ਨੂੰ ਵੀ ਹਿਦਾਇਤ ਕਰੋ ਕਿ ਕਰਫਿਊ ਖੁੱਲਣ ਤੱਕ ਬੱਚਿਆਂ ਦੇ ਮਾਪਿਆਂ ਨੂੰ ਬਿਨ੍ਹਾਂ ਵਜ੍ਹਾ ਫੋਨ ਕਰਕੇ ਤੇ ਮੈਸੇਜ ਭੇਜ ਭੇਜ ਕੇ ਫੀਸਾਂ ਜਮ੍ਹਾਂ ਕਰਵਾਉਣ ਲਈ ਦਬਾਅ ਬਣਾ ਕੇ ਪ੍ਰੇਸ਼ਾਨ ਕਰਨਾ ਬੰਦ ਕਰਨ। ਵਾਈਐਸ ਸਕੂਲ ਹੰਡਿਆਇਆ ਦੀ ਪ੍ਰਿੰਸੀਪਲ ਕੁਸਮ ਨੇ ਫੋਨ ਤੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਜੋ ਵੱਟਸਅਪ ਮੈਸੇਜ ਤੁਸੀਂ ਪੜ੍ਹ ਰਹੇ ਹੋ, ਉਹ ਪੁਰਾਣਾ ਹੈ। ਇਹ ਬੱਚਿਆ ਦੇ ਪੇਪਰਾਂ ਵੇਲੇ ਰੋਲ ਨੰਬਰ ਦੇਣ ਸਮੇਂ ਪਾਇਆ ਗਿਆ ਸੀ। ਪਰੰਤੂ ਜਦੋਂ ਇਹ ਮੈਸੇਜ ਚੈਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਮੈਸਜ 24 ਮਾਰਚ ਦਾ ਹੀ ਹੈ ਅਤੇ ਵਾਈ. ਐਸ. ਪਬਲਿਕ ਸਕੂਲ ਦੀ ਅਧਿਆਪਕਾ ਨੇ ਫੋਨ ਤੇ ਵੀ 24 ਮਾਰਚ ਨੂੰ ਹੀ ਫੀਸਾਂ ਆਨ ਲਾਈਨ ਭਰਨ ਲਈ ਕਿਹਾ ਹੈ। ਇਸ ਤੋਂ ਸਾਫ ਹੈ ਕਿ ਵਾਈ.ਐਸ. ਪਬਲਿਕ ਸਕੂਲ ਵਾਲਿਆਂ ਨੂੰ ਨਾ ਦੇਸ਼ ਦੀ ਨਾ ਦੁਨੀਆਂ ਦੀ ਕੋਈ ਪਰਵਾਹ ਹੈ,ਬੱਸ ਹਰ ਹਾਲਤ ਵਿੱਚ ਰੁਪੱਈਏ ਇਕੱਠੇ ਕਰਨ ਦੀ ਹੋੜ ਲੱਗੀ ਹੋਈ ਹੈ।