* ਐਨਐਸਐਸ ਵਲੰਟੀਅਰ ਤਨਦੇਹੀ ਨਾਲ ਨਿਭਾਅ ਰਹੇ ਹਨ ਸੇਵਾਵਾਂ
ਬਰਨਾਲਾ, 27 ਮਾਰਚ 2020
ਕਰੋਨਾ ਵਾਇਰਸ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਅੱਜ ਬਰਨਾਲਾ ਸ਼ਹਿਰ ਵਿੱਚ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਨਗਰ ਕੌਂਸਲ ਖੇਤਰਾਂ ਵਿੱਚ ਐਨਐਸਐਸ ਵਲੰਟੀਅਰਾਂ ਦੀਆਂ ਡਿੳੂਟੀਆਂ ਲਗਾ ਦਿੱੱਤੀਆਂ ਗਈਆਂ ਹਨ।
ਅੱਜ ਬਰਨਾਲਾ ਸ਼ਹਿਰ ਵਿੱਚ ਸ਼ਾਮ 5 ਵਜੇ ਤੱਕ ਸ਼ਹਿਰ ਦੀ ਨਾਮਦੇਵ ਨਗਰ, ਖੁੱਡੀ ਰੋਡ, ਟਿੳੂਬਵੈੱਲ ਨੰਬਰ 6 ਇਲਾਕਾ, ਢਿੱਲੋਂ ਨਗਰ, ਸ਼ਕਤੀ ਨਗਰ ਤੇ ਰਾਹੀ ਬਸਤੀ, ਜੰਡ ਵਾਲਾ ਰੋਡ ਇਲਾਕੇ ਵਿੱਚ ਕਰੀਬ 170 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇੰਚਾਰਜ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਰੈਡ ਕ੍ਰਾਸ ਸੁਸਾਇਟੀ ਰਾਹੀਂ ਲੋੜਵੰਦਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਰਾਸ਼ਨ ਕਿੱਟਾਂ ਵਿੱਚ ਪੰਜ ਕਿੱਲੋ ਆਟਾ, ਇਕ ਕਿੱਲੋ ਖੰਡ, 250 ਗ੍ਰਾਮ ਚਾਹ ਪੱਤੀ, 1 ਥੈਲੀ ਨਮਕ, 250 ਗ੍ਰਾਮ ਹਲਦੀ, 250 ਗ੍ਰਾਮ ਲਾਲ ਮਿਰਚ, ਇਕ ਕਿਲੋ ਚੌਲ, ਕਿਲੋ ਦਾਲ ਆਦਿ ਮੁਹੱਈਆ ਕਰਾਈ ਜਾ ਰਹੀ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਵਿਜੈ ਭਾਸਕਰ ਨੇ ਦੱਸਿਆ ਕਿ ਸ਼ੁਰੂਆਤੀ ਪੱਧਰ ’ਤੇ ਕਰੀਬ 40 ਵਲੰਟੀਅਰ ਇਹ ਸੇਵਾਵਾਂ ਨਿਭਾਅ ਰਹੇ ਹਨ। ਸਾਰੀਆਂ ਨਗਰ ਕੌਂਸਲਾਂ ਵਿੱਚ ਵਲੰਟੀਅਰ ਤਾਇਨਾਤ ਕੀਤੇ ਗਏ ਹਨ ਅਤੇ ਪਿੰਡਾਂ ਵਿੱਚ ਯੂਥ ਕਲੱਬਾਂ ਨਾਲ ਰਾਬਤਾ ਬਣਾਇਆ ਹੋਇਆ ਹੈ ਤਾਂ ਜੋ ਇਹ ਸੇਵਾਵਾਂ ਜ਼ਮੀਨੀ ਪੱਧਰ ’ਤੇ ਲੋੜਵੰਦਾਂ ਤੱਕ ਪੁੱਜ ਸਕਣ।
* ਸੁੱਕਾ ਰਾਸ਼ਨ ਦਾਨ ਕਰਨ ਨੂੰ ਦਿੱਤੀ ਜਾਵੇ ਤਰਜੀਹ
ਡਿਪਟੀ ਕਮਿਸ਼ਨਰ ਨੇ ਲੋੜਵੰਦਾਂ ਦੀ ਮਦਦ ਲਈ ਪੇੇਸ਼ਕਸ਼ ਕਰਨ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਰਾਬਤਾ ਬਣਾਉਣ ਤਾਂ ਜੋ ਇਕੋ ਪਲੈਟਫਾਰਮ ਤੋਂ ਤਰਤੀਬਵਾਰ ਹਰ ਲੋੜਵੰਦ ਦੀ ਮਦਦ ਕੀਤੀ ਜਾ ਸਕੇ। ਉਨਾਂ ਕਿਹਾ ਕਿ ਸਬੰਧਤ ਐਨਜੀਓ/ਸੰਸਥਾਵਾਂ ਸੁੱਕਾ ਰਾਸ਼ਨ ਦਾਨ ਕਰਨ ਨੂੰ ਹੀ ਤਰਜੀਹ ਦੇਣ।
* ਮਿੱਥੇ ਸਮੇਂ ਅੰਦਰ ਜਾਰੀ ਰਹੀ ਜ਼ਰੂਰੀ ਵਸਤਾਂ ਦੀ ਸਪਲਾਈ
ਅੱੱਜ ਵੀ ਜ਼ਿਲੇ ਵਿੱਚ ਮਿੱਥੇ ਸਮੇਂ ਅੰਦਰ ਜ਼ਰੂਰੀ ਵਸਤਾਂ ਜਿਵੇਂ ਫਲਾਂ, ਸਬਜ਼ੀਆਂ, ਰਾਸ਼ਨ ਰਸੋਈ ਗੈਸ, ਪੈਕੇਟਾਂ ਵਾਲੇ ਦੁੱਧ, ਦਵਾਈਆਂ ਦੀ ਸਪਲਾਈ ਕੀਤੀ ਗਈ ਤਾਂ ਜੋ ਲੋਕਾਂ ਨੂੰ ਬਾਹਰ ਨਾ ਆਉਣ ਪਵੇ ਅਤੇ ਹਰ ਜ਼ਰੂਰੀ ਚੀਜ਼ ਉਨਾਂ ਦੇ ਘਰਾਂ ਤੱਕ ਪੁੱਜੇ।