ਅਸ਼ੋਕ ਵਰਮਾ , ਸਲਾਬਤਪੁਰਾ, 14 ਮਈ 2023
ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਅੱਜ ਆਪਣੇ ਪੰਜਾਬ ਵਿਚਲੇ ਮੁੱਖ ਹੈਡਕੁਆਟਰ ਜਿਸਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਨਾਲ ਜਾਣਿਆ ਜਾਂਦਾ ਹੈ ਵਿਖੇ ਕਰਵਾਏ ਸਮਾਗਮ ਤੇ ਅੱਜ ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਦੀ ਤਿੱਖੀ ਨਜ਼ਰ ਰਹੀ। ਡੇਰਾ ਸਿਰਸਾ ਵੱਲੋਂ ਅੱਜ 16 ਸਾਲ ਬਾਅਦ ਮਈ ਮਹੀਨੇ ਦੌਰਾਨ ਨਾਮ ਚਰਚਾ ਪ੍ਰੋਗਰਾਮ ਰੱਖਿਆ ਗਿਆ ਸੀ। ਸਮਾਗਮ ਸ਼ੁਰੂ ਹੋਣ ਦਾ ਸਮਾਂ 11 ਵਜੇ ਦਾ ਸੀ । ਲੋਹੜੇ ਦੀ ਗਰਮੀ ਕਾਰਨ ਡੇਰਾ ਪ੍ਰੇਮੀਆਂ ਦੀ ਆਮਦ ਸਵੇਰੇ 9 ਵਜੇ ਸ਼ੁਰੂ ਹੋ ਗਈ ਅਤੇ ਦੁਪਹਿਰ 12 ਵਜੇ ਤੱਕ ਲਗਾਤਾਰ ਜਾਰੀ ਰਹੀ ਜਿਸ ਕਾਰਨ ਡੇਰੇ ਦੇ ਸਾਹਮਣੇ ਵਾਲੀਆਂ ਸੜਕਾਂ ਤੇ ਲੰਮਾ ਸਮਾਂ ਜਾਮ ਲੱਗਿਆ ਰਿਹਾ।
ਮਈ ਮਹੀਨੇ ਦੌਰਾਨ ਪਹਿਲੀ ਵਾਰ ਕਰਵਾਏ ਪ੍ਰੋਗਰਾਮ ਅਤੇ ਡੇਰਾ ਪ੍ਰੇਮੀਆਂ ਦੀ ਗਿਣਤੀ ਦੀ ਰੌਸ਼ਨੀ ਵਿੱਚ ਪੰਜਾਬ ਪੁਲੀਸ ਦੇ ਸੀਆਈਡੀ ਵਿੰਗ ਵੱਲੋਂ ਖਾਸ ਚੌਕਸੀ ਵਰਤੀ ਗਈ। ਹਾਲਾਂਕਿ ਪੰਜਾਬ ਪੁਲਿਸ ਦਾ ਖੁਫੀਆ ਵਿਭਾਗ ਡੇਰਾ ਸਿਰਸਾ ਦੇ ਸਮੂਹ ਸਮਾਗਮਾਂ ਤੇ ਨਿਗਰਾਨੀ ਰੱਖਦਾ ਹੈ ਪਰ ਅੱਜ ਦੇ ਸਮਾਗਮਾਂ ਮੌਕੇ ਅਧਿਕਾਰੀ ਆਮ ਨਾਲੋਂ ਜ਼ਿਆਦਾ ਚੌਕਸ ਦਿਖਾਈ ਦਿੱਤੇ । ਸੂਤਰ ਦੱਸਦੇ ਹਨ ਕਿ ਇਸ ਦਾ ਮੁੱਖ ਕਾਰਨ ਪਿਛਲੇ ਦਿਨਾਂ ਦੌਰਾਨ ਅੰਮ੍ਰਿਤਸਰ ਦੇ ਵੱਖ ਵੱਖ ਥਾਵਾਂ ਤੇ ਹੋਏ ਬੰਬ ਧਮਾਕੇ ਹਨ ਜਿਨ੍ਹਾਂ ਕਰਕੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਰਹੀ।
ਪਤਾ ਲੱਗਾ ਹੈ ਕਿ ਪੁਲਿਸ ਅਧਿਕਾਰੀ ਕਿਸੇ ਵੀ ਤਰਾਂ ਦਾ ਖ਼ਤਰਾ ਮੁੱਲ ਲੈਣ ਦੇ ਰੌਂਅ ਵਿੱਚ ਨਹੀਂ ਸਨ।ਮਹੱਤਵਪੂਰਨ ਤੱਥ ਇਹ ਵੀ ਹੈ ਕਿ ਅੱਜ ਪਹਿਲੀ ਵਾਰ ਸਤਿਸੰਗ ਪੰਡਾਲ ਦੇ ਨਜ਼ਦੀਕ ਵੀ ਪੁਲਿਸ ਦੀ ਨਫਰੀ ਤਾਇਨਾਤ ਕੀਤੀ ਗਈ ਸੀ। ਸੁਰੱਖਿਆ ਪ੍ਰਬੰਧਾਂ ਦੀ ਦੇਖਰੇਖ ਲਈ ਪੁਲਿਸ ਦਾ ਇੱਕ ਡੀਐਸਪੀ ਸਮਾਗਮ ਦੇ ਸਮਾਪਤ ਹੋਣ ਤੱਕ ਡੇਰਾ ਸਲਾਬਤਪੁਰਾ ਦੇ ਅੰਦਰ ਮੌਜੂਦ ਰਿਹਾ। ਅੱਜ ਪੁਲਿਸ ਵੱਲੋਂ ਡੇਰੇ ਨੂੰ ਜਾਣ ਵਾਲੇ ਰਾਹਾਂ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਹਰ ਆਉਣ ਜਾਣ ਵਾਲੇ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸਾਦੇ ਕੱਪੜਿਆਂ ਵਿੱਚ ਵੀ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਸੀ।
ਉਂਜ ਇਹ ਉਹ ਪਲੇਠਾ ਸਮਾਗਮ ਸੀ ਜਿਸ ਨੂੰ ਕਰਵਾਉਣ ਲਈ ਡੇਰਾ ਸਿਰਸਾ ਮੁਖੀ ਨੇ 29 ਅਪ੍ਰੈਲ ਨੂੰ ਆਦੇਸ਼ ਦਿੱਤੇ ਸਨ। ਆਪਣੇ ਗੁਰੂ ਵੱਲੋਂ ਦਿੱਤੇ ਗਏ ਸੱਦੇ ਨੂੰ ਮੁੱਖ ਰੱਖਦਿਆਂ ਅੱਜ ਪੰਜਾਬ ਭਰ ਤੋਂ ਡੇਰਾ ਪੈਰੋਕਾਰ ਹੁੰਮ-ਹੁਮਾਕੇ ਸਮਾਗਮਾਂ ਵਿਚ ਸ਼ਾਮਲ ਹੋਏ। ਡੇਰਾ ਪ੍ਰੇਮੀਆਂ ਦੀਆਂ ਵੱਡੀ ਗਿਣਤੀ ਟੋਲੀਆਂ ਆਪਣੇ ਨਾਲ ਢੋਲ ਵਗੈਰਾ ਲੈ ਆਈਆਂ ਜਿਨ੍ਹਾਂ ਨਾਲ ਡੇਰਾ ਪੈਰੋਕਾਰ ਨੱਚਦੇ-ਟੱਪਦੇ ਪੰਡਾਲ ਤੱਕ ਪੁੱਜੇ। ਇਸ ਮੌਕੇ ਡੇਰਾ ਮੁਖੀ ਦਾ ਪਹਿਲਾਂ ਤੋਂ ਹੀ ਰਿਕਾਰਡ ਕੀਤਾ ਹੋਇਆ ਸੰਦੇਸ਼ ਵੀ ਸੁਣਾਇਆ ਗਿਆ। ਇਸ ਮੌਕੇ ਨਸ਼ਿਆਂ ਖਲਾਫ ਸੰਦੇਸ਼ ਦੇਣ ਵਾਲੀ ਹੈ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਮੋਹਰੀ ਡੇਰਾ ਆਗੂਆਂ ਨੇ ਡੇਰਾ ਪ੍ਰੇਮੀਆਂ ਨੂੰ ਨਸ਼ਿਆਂ ਖਿਲਾਫ ਲੜਾਈ ਜਾਰੀ ਰੱਖਣ ਦਾ ਸੱਦਾ ਵੀ ਦਿੱਤਾ।
ਡੇਰੇ ਵੱਲੋਂ ਦਿੱਤੀ ਗਈ ਜਾਣਕਾਰੀ
ਡੇਰਾ ਸਿਰਸਾ ਦੇ ਮੀਡੀਆ ਵਿੰਗ ਵੱਲੋਂ ਅੱਜ ਜਾਰੀ
ਵੇਰਵਿਆਂ ਮੁਤਾਬਿਕ ਡੇਰਾ ਸੱਚਾ ਸੌਦਾ ਦੀ ਸਥਾਪਨਾ ਸ਼ਾਹ ਮਸਤਾਨਾ ਨੇ ਅਪ੍ਰੈਲ 1948 ’ਚ ਕੀਤੀ ਸੀ ਅਤੇ ਮਈ ਮਹੀਨੇ ’ਚ ਪਹਿਲੀ ਵਾਰ ਡੇਰੇ ’ਚ ਆਪਣੇ ਪੈਰੋਕਾਰਾਂ ਨੂੰ ਪ੍ਰਵਚਨ ਦਿੱਤੇ ਸਨ । ਡੇਰਾ ਪ੍ਰੇਮੀਆਂ ਨੂੰ ਇਹ ਜਾਣਕਾਰੀ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ 29 ਅਪ੍ਰੈਲ ਨੂੰ ਭੇਜੇ ਪੱਤਰ ਰਾਹੀਂ ਦਿੰਦਿਆਂ ਮਈ ਮਹੀਨੇ ਨੂੰ ਵੀ ਭੰਡਾਰੇ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਸੀ। ਇਹਨਾਂ ਨਿਰਦੇਸ਼ਾਂ ਨੂੰ ਹੀ ਦੇਖਦਿਆਂ ਅੱਜ ਪੰਜਾਬ ਭਰ ਚੋਂ ਡੇਰਾ ਪੈਰੋਕਾਰ ਸਲਾਬਤਪੁਰਾ ਪੁੱਜੇ ਅਤੇ ਸਮਾਗਮਾਂ ਵਿੱਚ ਭਾਗ ਲਿਆ।
ਮਾਨਵਤਾ ਭਲਾਈ ਕਾਰਜ ਕੀਤੇ: ਪ੍ਰਬੰਧਕ
ਡੇਰਾ ਸੱਚਾ ਸੌਦਾ ਸਿਰਸਾ ਦੇ 85 ਮੈਂਬਰ ਗੁਰਦੇਵ ਸਿੰਘ ਬਠਿੰਡਾ ਨੇ ਦੱਸਿਆ ਕਿ ਅੱਜ ਮਾਨਵਤਾ ਭਲਾਈ ਦੇ ਵੱਖ ਵੱਖ ਕੀਤੇ ਗਏ ਹਨ ਜਿਸ ਤਹਿਤ 75 ਲੋੜਵੰਦਾਂ ਰਾਸ਼ਨ ਵੰਡਿਆ ਗਿਆ, 75 ਲੋੜਵੰਦ ਬੱਚਿਆਂ ਨੂੰ ਕੱਪੜੇ ਅਤੇ ਗਰਮੀਆਂ ਦੇ ਇਸ ਮੌਸਮ ’ਚ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ ਪਾਣੀ ਰੱਖਣ ਵਾਲੇ 175 ਕਟੋਰੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸੰਗਤ ਨੇ ਏਕਤਾ ’ਚ ਰਹਿ ਕੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਦਾ ਸੰਕਲਪ ਵੀ ਦੁਹਰਾਇਆ ਹੈ।