EO ਸੁਨੀਲ ਦੱਤ ਵਰਮਾ ਨੂੰ ਸਤਾਉਣ ਲੱਗਿਆ FIR ਦਾ ਡਰ, ਹਾਈਕੋਰਟ ਪਹੁੰਚਿਆ

Spread the love

ਕੌਮੀ SC ਕਮਿਸ਼ਨ ਦੇ ਹੁਕਮ ਨੂੰ ਦਿੱਤੀ ਹਾਈਕੋਰਟ ਵਿੱਚ ਚੁਣੌਤੀ! ਭਲ੍ਹਕੇ ਹੋਊ ਸੁਣਵਾਈ


ਹਰਿੰਦਰ ਨਿੱਕਾ , ਬਰਨਾਲਾ 15 ਜਨਵਰੀ 2023

  ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਦਲਿਤ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੂੰ ਕਥਿਤ ਤੌਰ ਤੇ ਜਾਤੀ ਸੂਚਕ ਸ਼ਬਦਾਂ ਨਾਲ ਜਲੀਲ ਕਰਕੇ, ਸੱਤਾਧਾਰੀਆਂ ਦੀ ਕਥਿਤ ਸ਼ਹਿ ਨਾਲ ਕਰੀਬ ਢਾਈ ਮਹੀਨਿਆਂ ਤੋਂ ਸ਼ਰੇਆਮ ਘੁੰਮ ਰਹੇ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਨੂੰ ਕੌਮੀ ਐਸ.ਸੀ. ਕਮਿਸ਼ਨ ਦਿੱਲੀ ਦੇ ਹੁਕਮਾਂ ਤੋਂ ਬਾਅਦ ਐਫ.ਆਈ.ਆਰ. ਦਰਜ਼ ਹੋ ਜਾਣ ਦਾ ਡਰ ਸਤਾਉਣ ਲੱਗ ਪਿਆ ਹੈ। ਹੁਣ ਈ.ੳ. ਸੁਨੀਲ ਦੱਤ ਵਰਮਾ ਨੇ ਐਸ.ਸੀ. ਕਮਿਸ਼ਨ ਦੇ ਹੁਕਮ ਨੂੰ ਚੁਣੌਤੀ ਦਿੰਦਿਆਂ ਪੰਜਾਬ ਐੰਡ ਹਰਿਆਣਾ ਹਾਈਕੋਰਟ ਦੀ ਸ਼ਰਨ ਲੈ ਲਈ ਹੈ। ਮਾਨਯੋਗ ਹਾਈਕੋਰਟ ਵਿੱਚ ਇਸ ਮਾਮਲੇ ਤੇ 16 ਜਨਵਰੀ ਨੂੰ ਸੁਣਵਾਈ ਹੋਵੇਗੀ। ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਵੱਲੋਂ ਐਡਵੋਕੇਟ ਹਿਮਾਂਸ਼ੂ ਅਰੋੜਾ ਰਾਹੀਂ CWP ਨੰਬਰ 861 , ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਨੈਸ਼ਨਲ ਕਮਿਸ਼ਨ ਫਾਰ ਸਡਿਊਲਕਾਸਟਜ ਐਂਡ ਅਦਰਜ਼ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਤੇ 16 ਜਨਵਰੀ ਨੂੰ ਮਾਨਯੋਗ ਜਸਟਿਸ ਵਿਨੋਦ ਐਸ.ਭਾਰਦਵਾਜ਼ ਦੀ ਅਦਾਲਤ ਨੰਬਰ 22 ਵਿੱਚ ਸੁਣਵਾਈ ਹੋਣੀ ਹੈ। ਪਰੰਤੂ ਮਾਨਯੋਗ ਜਸਟਿਸ ਵੱਲੋਂ ਹਾਲੇ ਤੱਕ ਕਿਸੇ ਨੂੰ ਕੋਈ ਨੋਟਿਸ ਜ਼ਾਰੀ ਨਹੀਂ ਕੀਤਾ ਗਿਆ। ਉੱਧਰ ਈ.ੳ. ਖਿਲਾਫ ਕੇਸ ਦਰਜ਼ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਅਤੇ ਭਾਜਪਾ  ਯੁਵਾ ਮੋਰਚਾ ਦੇ ਸੂਬਾਈ ਆਗੂ                                                                                                                                                                                             ਨੀਰਜ ਜਿੰਦਲ ਨੇ ਕਿਹਾ ਕਿ ਪੁਲਿਸ ਅਧਿਕਾਰੀ, ਸੂਬੇ ਦੀ ਸੱਤਾ ਤੇ ਕਾਬਿਜ ਧਿਰ ਦੇ ਦਬਾਅ ਹੇਠ, ਕੌਮੀ ਐਸ.ਸੀ. ਕਮਿਸ਼ਨ  ਵੱਲੋਂ 9 ਜਨਵਰੀ ਨੂੰ ਈ.ੳ. ਖਿਲਾਫ ਕੇਸ ਦਰਜ਼ ਕਰਨ ਲਈ ਦਿੱਤੇ ਹੁਕਮਾਂ ਨੂੰ ਨਜ਼ਰਅੰਦਾਜ ਕਰਕੇ,ਈ.ੳ. ਨੂੰ ਬਚਾਉਣ ਤੇ ਲੱਗੇ ਹੋਏ ਹਨ। ਜਦੋਂ ਕਿ ਕਮਿਸ਼ਨ ਦੇ ਹੁਕਮਾਂ ਵਿੱਚ ਸਾਫ-ਸਾਫ ਲਿਖਿਆ ਗਿਆ ਹੈ ਕਿ ਈ.ੳ. ਸੁਨੀਲ ਦੱਤ ਵਰਮਾ ਦੇ ਖਿਲਾਫ ਐਟਰੋਸਿਟੀ ਐਕਟ ਤਹਿਤ ਕੇਸ ਦਰਜ ਕਰਕੇ, ਤਿੰਨ ਦਿਨਾਂ ਵਿੱਚ ਕਮਿਸ਼ਨ ਨੂੰ ਰਿਪੋਰਟ ਭੇਜੀ ਜਾਵੇ। ਦੋਵਾਂ ਆਗੂਆਂ ਨੇ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਕੇਸ ਦਰਜ਼ ਕਰਨ ਲਈ, ਵਾਰ ਵਾਰ ਮਿਲ ਚੁੱਕੇ ਹਨ, ਪਰੰਤੂ ਉਹ ਐਸ.ਸੀ. ਕਮਿਸ਼ਨ ਦਾ ਹੁਕਮ ਉਨ੍ਹਾਂ ਕੋਲ ਨਾ ਪਹੁੰਚਿਆਂ ਹੋਣ ਦੀਆਂ ਗੱਲਾਂ ਕਰ ਰਹੇ ਹਨ। ਜਦੋਂਕਿ ਕਮਿਸ਼ਨ ਦਾ ਹੁਕਮ ਈਮੇਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਪੁਲਿਸ ਅਧਿਕਾਰੀ , ਕਾਰਜਸਾਧਕ ਅਫਸਰ ਅਤੇ ਕੇਸ ਦਰਜ਼ ਕਰਨ ਵਿੱਚ ਦੇਰੀ ਕਰਨ ਵਾਲੇ ਪੁਲਿਸ ਵਾਲਿਆਂ ਨੂੰ ਬਚਾਉਣ ਲਈ ਕਰ ਰਹੇ ਹਨ। ਉਨਾਂ ਕਿਹਾ ਕਿ ਜ਼ੇਕਰ ਪੁਲਿਸ ਅਧਿਕਾਰੀਆਂ ਨੇ ਹਾਲੇ ਵੀ ਕੇਸ ਦਰਜ਼ ਕਰਨ ਵਿੱਚ ਹੋਰ ਦੇਰੀ ਕੀਤੀ ਤਾਂ ਉਹ ਦੁਬਾਰਾ ਕੌਮੀ ਐਸ.ਸੀ ਕਮਿਸ਼ਨ ਦਿੱਲੀ ਕੋਲ ਸ਼ਕਾਇਤ ਦਾਇਰ ਕਰਕੇ, ਇਨਸਾਫ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਕਾਰਜਸਾਧਕ ਅਫਸਰ 9 ਜਨਵਰੀ ਤੋਂ ਬਾਅਦ ਨਗਰ ਕੌਂਸਲ ਦਫਤਰ ਵਿੱਚ ਨਹੀਂ ਆ ਰਹੇ,ਉਹ ਕਿੱਥੇ ਹਨ,ਉਨਾਂ ਦੀ ਛੁੱਟੀ ਕਿਸ ਤੋਂ ਕਿਸ ਅਧਾਰ ਤੇ ਪ੍ਰਵਾਨ ਹੋਈ ਹੈ ।ਇਹ ਵੀ ਬੁਝਾਰਤ ਬਣੀ ਹੋਈ ਹੈ। ਲੋਕ ਆਪਣੇ ਕੰਮਾਂ ਲਈ ਖੱਜਲ-ਖੁਆਰ ਹੋ ਰਹੇ ਹਨ। ਵਰਨਣਯੋਗ ਹੈ ਕਿ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ ਦੇ ਖਿਲਾਫ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਦਾ ਦੋਸ਼ ਹੈ ਕਿ 26 ਅਕਤੂਬਰ 2022 ਨੂੰ ਜਦੋਂ ਉਹ ਆਪਣੇ ਵਾਰਡ ਦੇ ਵਿਕਾਸ ਕੰਮਾਂ ਸਬੰਧੀ ਈ.ੳ. ਨੂੰ ਉਨਾਂ ਦੇ ਦਫਤਰ ਮਿਲਣ ਪਹੁੰਚਿਆ ਸੀ ਤਾਂ ਈਉ ਵਰਮਾ ਨੇ ਨੀਰਜ ਜਿੰਦਲ ਤੇ ਹੋਰਨਾਂ ਦੀ ਹਾਜ਼ਿਰੀ ਵਿੱਚ ਉਸ ਨੂੰ ਜਾਤੀ ਤੌਰ ਤੇ ਜਲੀਲ ਕੀਤਾ ਸੀ । ਇਸ ਸਬੰਧੀ, ਉਸ ਨੇ ਉਸੇ ਦਿਨ ਸ਼ਕਾਇਤ ਪੁਲਿਸ ਕੋਲ ਕੀਤੀ ਸੀ। ਪਰੰਤੂ ਈ.ੳ. ਵਰਮਾ ਤੇ ਸੱਤਾਧਾਰੀ ਪਾਰਟੀ ਦਾ ਥਾਪੜਾ ਹੋਣ ਕਾਰਣ ਪੁਲਿਸ ਨੇ ਕੋਈ ਕੇਸ ਦਰਜ਼ ਨਹੀਂ ਕੀਤਾ ਸੀ। ਉਲਟਾ ਘਟਨਾ ਦੇ ਗਵਾਹਾਂ ਖਿਲਾਫ ਜਰੂਰ ਕੇਸ ਦਰਜ਼ ਕਰ ਦਿੱਤਾ ਸੀ। ਇਸ ਕੇਸ ਵਿੱਚ ਭਾਜਪਾ ਆਗੂ ਨੀਰਜ ਜਿੰਦਲ ਨੂੰ ਗਿਰਫਤਾਰ ਕਰਕੇ,ਜੇਲ੍ਹ ਭੇਜ ਦਿੱਤਾ ਸੀ। ਹੁਣ ਨੀਰਜ ਜਿੰਦਲ ਜਮਾਨਤ ਤੇ ਰਿਹਾ ਵੀ ਹੋ ਚੁੱਕਾ ਹੈ।


Spread the love
Scroll to Top