NSA ਤਾਂ ਬਣਦਾ ਹੀ ਨਹੀਂ, ਅਮ੍ਰਿਤਪਾਲ ਸਿੰਘ ਤੇ ! ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ

Spread the love

ਡਿਬਰੂਗੜ ਜੇਲ੍ਹ ‘ਚ ਅਮ੍ਰਿਤਪਾਲ ਸਿੰਘ ਦੀ ਮੁਲਾਕਾਤ ਮਗਰੋਂ ਮੀਡੀਆ ਨੂੰ ਮਿਲੇ ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ

ਕਿਹਾ-ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਜਲਦ ਹੀ ਦਾਇਰ ਕਰਾਂਗਾ ਗੈਰਕਾਨੂੰਨੀ ਢੰਗ ਨਾਲ ਲਗਾਏ ਐਨਐਸਏ  ਬਾਰੇ ਰਿੱਟ

ਹਰਿੰਦਰ ਨਿੱਕਾ , ਬਰਨਾਲਾ 20 ਮਈ 2023 

     ” ਵਾਰਿਸ ਪੰਜਾਬ ਦੇ”  ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਐਨ.ਐਸ.ਏ. ਲਾਇਆ ਜਾਣਾ ਹੀ ਬਿਲਕੁਲ ਗੈਰਕਾਨੂੰਨੀ ਹੈ। ਅਮ੍ਰਿਤਪਾਲ ਸਿੰਘ ਨੂੰ ਰੈਗੂਲਰ ਜਮਾਨਤ ਦੇਣ ਲਈ ਅਰਜੀ ਰਿੱਟ ਦੀ ਫੋਰਮ ਵਿੱਚ ਪੰਜਾਬ ਐ਼ਡ ਹਰਿਆਣਾ ਹਾਈਕੋਰਟ ਵਿਖੇ ਦਾਇਰ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅਮ੍ਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਮਗਰੋਂ ਆਪਣੀ ਕੋਠੀ ਵਿਖੇ ਆਯੋਜਿਤ ਪ੍ਰੈਸ ਮਿਲਣੀ ਦੌਰਾਨ ਦਿੱਤੀ। ਖਾਲਸਾ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਦਾ ਮੈਂ ਇਕੱਲਾ ਹੀ ਵਕੀਲ ਹਾਂ, ਉਨਾਂ ਦੀ ਕਾਨੂੰਨੀ ਪੈਰਵੀ ਦਾ ਸਿਰਫ ਮੈਨੂੰ ਹੀ ਹੱਕ ਹਾਸਿਲ ਹੈ। ਮੈਂਨੂੰ ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਦੀ ਇਜਾਜਤ ਵੀ ਪੂਰੀ ਕਾਨੂੰਨੀ ਪ੍ਰਕਿਰਿਆ ਅਪਣਾਉਣ ਤੋਂ ਬਾਅਦ ਅਮ੍ਰਿਤਸਰ ਦੇ ਜਿਲ੍ਹਾ ਮੈਜਿਸਟ੍ਰੇਟ ਰਾਹੀਂ ਬਕਾਇਦਾ ਵੈਰੀਫਿਕੇਸ਼ਨ ਉਪਰੰਤ ਮਿਲੀ ਹੈ।                              ਸਰਦਾਰ ਖਾਲਸਾ ਨੇ ਕਿਹਾ ਕਿ ਸਾਡਾ ਦੇਸ਼, ਲੋਕਤੰਤਰਿਕ ਹੈ ਤੇ ਭਾਰਤੀ ਸੰਵਿਧਾਨ ਦੇ ਅਨੁਸਾਰ ਹੀ ਚੱਲਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਤੇ ਐਨ.ਐਸ.ਏ.ਅਨੁਸਾਰ ਅਮ੍ਰਿਤਪਾਲ ਸਿੰਘ ਦੇ ਖਿਲਾਫ ਇਹ ਐਕਟ ਬਣਦਾ ਹੀ ਨਹੀਂ ਹੈ, ਕਿਉਂਕਿ ਜਿੰਨ੍ਹਾਂ ਕੇਸਾਂ ਦੇ ਅਧਾਰ ਪਰ, ਅਮ੍ਰਿਤਪਾਲ ਸਿੰਘ ਦੇ ਖਿਲਾਫ ਐਨ.ਐਸ.ਏ. ਲਗਾਇਆ ਗਿਆ ਹੈ, ਉਨ੍ਹਾਂ ਕੇਸਾਂ ਵਿੱਚ ਨਾ ਤਾਂ ਅਮ੍ਰਿਤਪਾਲ ਸਿੰਘ ਦੀ ਹਾਲੇ ਤੱਕ ਕੋਈ ਗਿਰਫਤਾਰੀ ਹੋਈ ਹੈ ਅਤੇ ਨਾ ਹੀ ਕੋਈ ਚਲਾਨ ਪੇਸ਼ ਕੀਤਾ ਗਿਆ ਹੈ। ਸਰਦਾਰ ਖਾਲਸਾ ਨੇ ਕਿਹਾ ਕਿ ਐਨ.ਐਸ.ਏ. ਦੇ ਰੀਵਿਊ ਲਈ ਐਡਵਾਇਜਰੀ ਬੋਰਡ ਦਾ ਗਠਨ ਕਰਨ ਮੌਕੇ ਉਸੇ ਸੂਬੇ ਦੀ ਹਾਈਕੋਰਟ ਦੇ ਦੋ ਰਿਟਾਇਰਡ ਜੱਜਾਂ ਅਤੇ ਇੱਕ ਰਿਟਾਇਰਡ ਸ਼ੈਂਸ਼ਨ ਜੱਜ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਜਦੋਂਕਿ ਦੇਸ਼ ਅੰਦਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਪੰਜਾਬ ਦੀ ਬਜਾਏ ਯੂਪੀ ਦੇ ਦੋ ਜੱਜਾਂ ਨੂੰ ਬੋਰਡ ਦੀ ਐਡਵਾਇਜਰੀ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ ਹੈ। ਖਾਲਸਾ ਨੇ ਕਿਹਾ ਕਿ ਬੇਸ਼ੱਕ ਵੱਖ ਵੱਖ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ਵਿੱਚ ਅਮ੍ਰਿਤਪਾਲ ਸਿੰਘ ਦੇ ਖਿਲਾਫ ਹਾਲੇ ਤੱਕ 10 ਕੇਸ ਦਰਜ਼ ਕੀਤੇ ਗਏ ਹਨ। ਜਿੰਨ੍ਹਾਂ ਵਿੱਚੋਂ ਸਭ ਤੋਂ ਵੱਡਾ ਜ਼ੁਰਮ ਮੋਗਾ ਜਿਲੇ ਦੇ ਥਾਣਾ ਬਾਘਾਪੁਰਾਣਾ ਵਿਖੇ ਸੈਕਸ਼ਨ 121 ਏ ਦਾ ਦਰਜ਼ ਕੀਤਾ ਗਿਆ ਹੈ।                                                      ਇਹ ਕੇਸ ਬੁੱਧਸਿੰਘ ਵਾਲਾ ਪਿੰਡ ਵਿਖੇ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦੀ ਬਰਸੀ ਮੌਕੇ ਭਾਈ ਅਮ੍ਰਿਤਪਾਲ ਸਿੰਘ ਦੇ ਭਾਸ਼ਣ ਨੂੰ ਅਧਾਰ ਬਣਾ ਕੇ ਦਰਜ਼ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਅਮ੍ਰਿਤਪਾਲ ਸਿੰਘ ਨੇ ਆਪਣੇ ਭਾਸ਼ਣ ਵਿੱਚ ਕੇਂਦਰ ਸਰਕਾਰ ਦੀ ਪ੍ਰਭੂਸੱਤਾ ਦੇ ਖਿਲਾਫ ਹਥਿਆਰਬੰਦ ਯੁੱਧ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਬਿਲਕੁਲ ਝੂਠੀ ਕਹਾਣੀ ਹੈ। ਐਡਵੋਕੇਟ ਖਾਲਸਾ ਨੇ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਨੇ ਸਿੱਖਾ ਨੂੰ ਸਵੈ ਰੱਖਿਆ ਲਈ ਸ਼ਸ਼ਤਰਧਾਰੀ ਹੋਣ ਲਈ ਪ੍ਰੇਰਿਆ ਸੀ, ਅਜਿਹਾ ਐਲਾਨ , ਖਾਲਸਾ ਪੰਥ ਦੀ ਸਾਜਣਾ ਮੌਕੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਕੀਤਾ ਸੀ। ਜਿਸ ਦੀ ਪਾਲਣਾ ਕਰਨਾ ਅਤੇ ਕਰਵਾਉਣਾ ਹਰ ਸੱਚੇ ਸਿੱਖ ਦੀ ਡਿਊਟੀ ਬਣਦੀ ਹੈ।                                      ਭਾਈ ਅਮ੍ਰਿਤਪਾਲ ਸਿੰਘ ਨੇ ਕਦੇ ਵੀ ਦੇਸ਼ ਦੀ ਕੇਂਦਰੀ ਸੱਤਾ ਦੀ ਪ੍ਰਭੂਸੱਤਾ ਨੂੰ ਹਥਿਆਬੰਦ ਚੁਣੌਤੀ ਨਹੀਂ ਦਿੱਤੀ। ਐਡਵੋਕੇਟ ਖਾਲਸਾ ਨੇ ਕਿਹਾ ਕਿ ਇਹ ਮੌਕਾ ਹੀ ਹੈ ਕਿ ਬਿਨਾਂ ਕੋਈ ਡੰਡਾ ਸੋਟੀ ਅਤੇ ਥੱਪੜ ਮਾਰੇ ਜਾਣ ਦੀ ਘਟਨਾ ਤੋਂ ਬਿਨਾਂ ਹੀ ਹਥਿਆਰਬੰਦ ਯੁੱਧ ਦਾ ਐਲਾਨ ਕਰਨਾ ਮੰਨ ਲਿਆ ਗਿਆ। ਉਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿੰਨ੍ਹਾਂ ਕੇਸਾਂ ਦੇ ਅਧਾਰ ਤੇ ਭਾਈ ਅਮ੍ਰਿਤਪਾਲ ਸਿੰਘ ਖਿਲਾਫ ਐਨ.ਐਸ.ਏ. ਲਗਾਇਆ ਗਿਆ ਹੈ, ਉਨਾਂ ਵਿੱਚ ਹਾਲੇ, ਉਨਾਂ ਦੀ ਗਿਰਫਤਾਰੀ ਵੀ ਨਹੀਂ ਦਿਖਾਈ ਗਈ। ਜਦੋਂਕਿ ਅਮ੍ਰਿਤਪਾਲ ਸਿੰਘ ਨੂੰ ਗਿਰਫਤਾਰ ਕਰਕੇ, ਸਰਕਾਰ ਨੇ ਜੇਲ੍ਹ ਵਿੱਚ ਡੱਕਿਆ ਹੋਇਆ ਹੈ। ਐਡਵੋਕੇਟ ਖਾਲਸਾ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਅਪਣਾਏ ਗਏ ਵਰਤਾਰੇ ਤੋਂ ਸਾਫ ਹੋ ਜਾਂਦਾ ਹੈ ਕਿ ਸਰਕਾਰ ਦੇ ਹੁਕਮਾਂ ਤੇ ਪੁਲਿਸ ਅਮ੍ਰਿਤਪਾਲ ਸਿੰਘ ਨੂੰ ਜਾਣਬੁੱਝ ਕੇ ਬਿਨਾਂ ਵਜ੍ਹਾ ਤੋਂ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ। 

ਗੈਰਕਾਨੂੰਨੀ ਹਿਰਾਸਤ ਵਿੱਚ ਨਹੀਂ ਰੱਖਿਆ ਗਿਆ ਅਮ੍ਰਿਤਪਾਲ ਸਿੰਘ

       ਐਡਵੋਕੇਟ ਖਾਲਸਾ ਨੇ ਅਮ੍ਰਿਤਪਾਲ ਸਿੰਘ ਨੂੰ ਮੌਕੇ ਤੋਂ ਹੀ ਗਿਰਫਤਾਰ ਕੀਤੇ ਜਾਣ ਦੀਆਂ ਆਈਆਂ ਖਬਰਾਂ ਬਾਰੇ ਪੁੱਛੇ ਸਵਾਲ ਤੇ ਇੱਨਾਂ ਖਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨਾਂ ਕਿਹਾ ਕਿ ਅਮ੍ਰਿਤਪਾਲ ਸਿੰਘ ਨੇ 23 ਅਪ੍ਰੈਲ ਨੂੰ ਪਿੰਡ ਰੋਡੇ ਜਾ ਕੇ ਪੁਲਿਸ ਅੱਗੇ ਸਿਰੰਡਰ ਕੀਤਾ ਹੈ। ਉਨਾਂ ਕਿਹਾ ਕਿ ਪੁਲਿਸ ਅੱਗੇ ਸਿਰੰਡਰ ਦਾ ਮਤਲਬ, ਵਿਚਾਰਾਂ ਦਾ ਸਿਰੰਡਰ ਕਰਨਾ ਨਹੀਂ ਹੁੰਦਾ। ਅਮ੍ਰਿਤਪਾਲ ਸਿੰਘ ਆਪਣੀ ਪਹਿਲੀ ਵਿਚਾਰਧਾਰਾ ਤੇ ਪੂਰੀ ਤਰਾਂ ਅਡੋਲ ਖੜ੍ਹਾ ਹੈ। ਅਮ੍ਰਿਤਪਾਲ ਸਿੰਘ  ਪੂਰੀ ਤਰਾਂ ਚੜਦੀ ਕਲਾ ਵਿੱਚ ਹੈ, ਉਨਾਂ ਅੰਦਰ ਵਿਚਾਰਾਂ ਦੀ ਸਥਿਰਤਾ ਹੈ, ਪਰੰਤੂ ਕਾਨੂੰਨੀ ਲੜਾਈ ਤਾਂ ਕਾਨੂੰਨ ਦੇ ਅਨੁਸਾਰ ਹੀ ਲੜੀ ਜਾਣੀ ਹੈ।  ਐਡਵੋਕੇਟ ਖਾਲਸਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਣਮਿੱਥੇ ਸਮੇਂ ਲਈ, ਜੇਲ੍ਹ ਅੰਦਰ ਨਹੀਂ ਰੱਖਿਆ ਜਾ ਸਕਦਾ। ਕਾਨੂੰਨੀ ਪ੍ਰਕਿਰਿਆ ਤਾਂ ਅਪਣਾਉਣੀ ਹੀ ਪੈਣੀ ਹੈ। ਖਾਲਸਾ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖਾਂ ਦੀ ਪਿਛਲੇ ਸਮੇਂ ਅੰਦਰ ਕੀਤੀ ਗਈ ਗਿਰਫਤਾਰੀ ਲਈ ਸਿੱਧੇ ਤੌਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੀ ਜਿੰਮੇਵਾਰ ਹੈ, ਇਸ ਵਿੱਚ ਭਾਜਪਾ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਕਿਉਂਕਿ ਸੂਬੇ ਅੰਦਰ ਸੀਆਰਪੀਐਫ ਭਗਵੰਤ ਮਾਨ ਸਰਕਾਰ ਨੇ ਬੁਲਾਈ ਹੈ, ਜੇਕਰ ਭਗਵੰਤ ਮਾਨ, ਇਸ ਦੀ ਮੰਜੂਰੀ ਨਾ ਦਿੰਦਾ, ਫਿਰ ਕਿਵੇਂ ਸੀਆਰਪੀਐਫ ਪੰਜਾਬ ਵਿੱਚ ਆ ਕੇ, ਕੋਈ ਐਕਸ਼ਨ ਕਰ ਸਕਦੀ ਸੀ। ਐਡਵੇਕੇਟ ਖਾਲਸਾ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਗਵੰਤ ਸਿੰਘ ਸਿਆਲਕੋਟੀਆ ਅਤੇ ਪਰਮਜੀਤ ਸਿੰਘ ਖਾਲਸਾ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਇਹ ਵੀ ਸਾਫ ਕਰ ਦਿੱਤਾ ਕਿ ਇਹ ਅਕਾਲੀ ਦਲ ਬਾਦਲ ਦਾ ਧੰਨਵਾਦ ਨਹੀਂ ਹੈ। ਉਨਾਂ ਦਾ ਪੱਖ ਸਹਿਯੋਗੀ ਨਹੀਂ ਰਿਹਾ ਹੈ। 

ਸੁਖਪਾਲ ਖਹਿਰਾ ਦੇ ਪਿਤਾ ਦੀ ਵੀ ਮੈਂ ਕੀਤੀ ਐ ਕਾਨੂੰਨੀ ਪੈਰਵੀ 

    ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਹੱਤਿਆ ਦੇ ਕੇਸ ਵਿੱਚ ਨਾਮਜ਼ਦ ਦੋਸ਼ੀਆਂ, ਗਵਰਨਰ ਰਿਬੇਰੋ ਤੇ ਹਮਲਾ ਕਰਨ ਵਾਲਿਆਂ ਤੋਂ ਇਲਾਵਾ ਸਾਬਕਾ ਵਿੱਦਿਆ ਮੰਤਰੀ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਖਿਲਾਫ ਲਗਾਏ ਐਨ.ਐਸ.ਏ. ਵਾਲੇ ਕੇਸ ਦੀ ਕਾਨੂੰਨੀ ਪੈਰਵੀ ਵੀ ਕੀਤੀ ਹੈ। ਅਜਿਹੇ ਲੱਗਭੱਗ ਹਜਾਰਾਂ ਕੇਸਾਂ ਵਿੱਚ ਮੈਂ ਸਰਕਾਰਾਂ ਦੇ ਅੱਤਿਆਚਾਰ ਤੋਂ ਪੀੜਤ ਵਿਅਕਤੀਆਂ ਦੇ ਕੇਸਾਂ ਦੀ ਪੈਰਵੀ ਕੀਤੀ ਹੈ। ਖਾਲਸਾ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਸਮੇਂ ਪੈਰਵੀ ਕਰਨ ਬਦਲੇ ਮੈਨੂੰ ਐਸਜੀਪੀਸੀ ਨੇ  ਫੀਸ ਦੇ ਰੂਪ ਵਿੱਚ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਲੈਣ ਤੋਂ ਮੈਂ ਸਾਫ ਇਨਕਾਰ ਕਰ ਦਿੱਤਾ ਸੀ। ਖਾਲਸਾ ਨੇ ਕਿਹਾ ਕਿ ਹੁਣ ਵੀ ਮੈਂ ਭਾਈ ਅਮ੍ਰਿਤਪਾਲ ਸਿੰਘ ਦੀ ਪੈਰਵੀ ਬਿਨਾਂ ਕਿਸੇ ਫੀਸ ਤੋਂ ਕਰ ਰਿਹਾ ਹਾਂ। ਉਨਾਂ ਕਿਹਾ ਕਿ ਮੈਂ ਡਿਬਰੂਗੜ ਜਾ ਕੇ ਅਮ੍ਰਿਤਪਾਲ ਸਿੰਘ ਨੂੰ ਵਾਰ ਵਾਰ ਮਿਲਦਾ ਰਹਾਂਗਾ,ਇਸ ਤੇ ਹੋਣ ਵਾਲਾ ਖਰਚ ਵੀ ਮੈਂ ਆਪਣੇ ਕੋਲੋਂ ਕਰਨ ਲਈ ਵਚਣਬੱਧ ਹਾਂ। ਖਾਲਸਾ ਨੇ ਅਮ੍ਰਿਤਪਾਲ ਸਿੰਘ ਦੇ ਖਿਲਾਫ ਹਿੰਦੂ ਵਿਰੋਧੀ ਹੋਣ ਦੇ ਪ੍ਰਚਾਰ ਦਾ ਖੰਡਨ ਕਰਦਿਆਂ ਕਿਹਾ ਕਿ ਅਮ੍ਰਿਤਪਾਲ ਸਿੰਘ ਦੀ ਕਾਨੂੰਨੀ ਪੈਰਵੀ ਲਈ, ਮੈਨੂੰ ਸਹਿਯੋਗ ਕਰਨ ਲਈ, ਐਡਵੋਕੇਟ ਰੋਹਿਤ ਸ਼ਰਮਾ ਅਮ੍ਰਿਤਸਰ ਵੀ ਅੱਗੇ ਆਇਆ ਹੈ, ਜਿਹੜਾ ਹੁਣ ਵੀ ਸਾਡੇ ਨਾਲ ਡਿਬਰੂਗੜ ਵੀ ਗਿਆ ਸੀ। ਖਾਲਸਾ ਦੀ ਪ੍ਰੈਸ ਕਾਨਫਰੰਸ ਸਮੇਂ ਐਡਵੋਕੇਟ ਗੁਲਸ਼ਨ ਕੁਮਾਰ ਅਤੇ ਖਾਲਸਾ ਦੇ ਪੀ.ਏ. ਅਵਤਾਰ ਸਿੰਘ ਸੰਧੂ ਆਦਿ ਵੀ ਮੌਜੂਦ ਰਹੇ। 

 

 

 


Spread the love
Scroll to Top