ਸਿਰਫ ‘ 36’ ਪੈਸਿਆਂ ਨੇ ਗਧੀ ਗੇੜ ‘ਚ ਪਾਇਆ ਬੈਂਕ
ਅਸ਼ੋਕ ਵਰਮਾ , ਬਠਿੰਡਾ,12 ਜੁਲਾਈ 2023
ਬਠਿੰਡਾ ਜਿਲ੍ਹੇ ਦੇ ਰਾਮਪੁਰਾ ਹਲਕੇ ਨਾਲ ਸਬੰਧਿਤ ਸ਼ਹਿਰ ਭਗਤਾ ਭਾਈ ਵਿੱਚ ਸਿਰਫ 36 ਪੈਸਿਆਂ ਦੀ ਮਾਮੂਲੀ ਜਿਹੀ ਰਾਸ਼ੀ ਵਾਪਸ ਕਰਨ ਦੀ ਮੰਗ ਨੇ ਇੱਕ ਪ੍ਰਾਈਵੇਟ ਬੈਂਕ ਦੇ ਅਫਸਰਾਂ ਨੂੰ ਲੰਮਾ ਸਮਾਂ ਗਧੀ ਗੇੜ ‘ਚ ਪਾਈ ਰੱਖਿਆ। ਅੰਤ ਨੂੰ ਗਾਹਕ ਦੀ ਜਿੱਦ ਅੱਗੇ ਝੁਕਦਿਆਂ ਆਪਣਾ ਖਹਿੜਾ ਛੁਡਵਾਉਣ ਲਈ ਬੈਂਕ ਪ੍ਰਬੰਧਕਾਂ ਨੂੰ ਇਨ੍ਹਾਂ 36 ਪੈਸਿਆਂ ਦਾ ਚੈੱਕ ਜਾਰੀ ਕਰਨਾ ਪਿਆ। ਹਾਲਾਂਕਿ 36 ਪੈਸੇ ਵਰਗੀ ਸਾਧਾਰਨ ਰਾਸ਼ੀ ਕਿਸੇ ਵੀ ਵਿਅਕਤੀ ਲਈ ਕੋਈ ਵੱਡੀ ਗੱਲ ਨਹੀਂ ਫਿਰ ਵੀ ਇਨ੍ਹਾਂ ਪੈਸਿਆਂ ਲਈ ਲੰਮਾ ਸਮਾਂ ਰੱਫ਼ੜ ਪੈਣ ਦਾ ਮਾਮਲਾ ਲੋਕਾਂ ਵਿੱਚ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਸੁਖਚੈਨ ਸਿੰਘ ਵਾਸੀ ਕਲਿਆਣ ਨੇ ਤਕਰੀਬਨ 4 ਸਾਲ ਪਹਿਲਾਂ ਭਗਤਾ ਭਾਈ ਦੇ ਇੱਕ ਨਿੱਜੀ ਬੈਂਕ ਦੀ ਬਰਾਂਚ ਵਿੱਚ ਖਾਤਾ ਖੁੱਲ੍ਹਵਾਇਆ ਸੀ। ਉਹ ਉਦੋਂ ਤੋਂ ਹੀ ਇਸ ਬੈਂਕ ਰਾਹੀਂ ਆਪਣੇ ਪੈਸਿਆਂ ਦਾ ਲੈਣ ਦੇਣ ਕਰਦਾ ਆ ਰਿਹਾ ਸੀ। ਸੁਖਚੈਨ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਉਸ ਦਾ ਇੱਕ ਹੋਰ ਬੈਂਕ ਵਿੱਚ ਵੀ ਖਾਤਾ ਖੁੱਲ੍ਹਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਪ੍ਰਾਈਵੇਟ ਬੈਂਕ ਵਾਲਾ ਖਾਤਾ ਬੰਦ ਕਰਵਾਉਣਾ ਚਾਹੁੰਦਾ ਸੀ । ਜਿਸ ਲਈ ਉਸ ਨੇ ਆਪਣੇ ਬੈਂਕ ਦੇ ਅਧਿਕਾਰੀਆਂ ਨਾਲ ਰਾਬਤਾ ਬਣਾਇਆ ਸੀ।
ਉਨ੍ਹਾਂ ਦੱਸਿਆ ਕਿ ਉਸਨੇ ਬੈਂਕ ਦੇ ਸਟਾਫ ਨੂੰ ਆਪਣਾ ਖਾਤਾ ਬੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬੈਂਕ ਅਧਿਕਾਰੀਆਂ ਨੇ ਉਸ ਨੂੰ ਖਾਤੇ ਵਿਚਲਾ ਲੈਣ ਦੇਣ ਕਲੀਅਰ ਕਰਨ ਲਈ ਕਿਹਾ।ਸੁਖਚੈਨ ਸਿੰਘ ਨੇ ਕਿਹਾ ਕਿ ਉਸ ਨੇ ਬੈਂਕ ਦਾ ਕੋਈ ਪੈਸਾ ਨਹੀਂ ਦੇਣਾ ਹੈ ਪਰ ਜਦੋਂ ਕੰਪਿਊਟਰ ਤੇ ਖਾਤਾ ਦੇਖਿਆ ਤਾਂ ਉਸ ਵਿੱਚ 64 ਪੈਸਿਆਂ ਦੀ ਮਾਮੂਲੀ ਜਿਹੀ ਰਾਸ਼ੀ ਬਕਾਇਆ ਖਲੋਤੀ ਸੀ ਜਿਸ ਨੂੰ ਸਮਾਜ ਅੰਦਰ ਆਮ ਤੌਰ ਤੇ ਵੱਡੀ ਗੱਲ ਨਹੀਂ ਮੰਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਬੈਂਕ ਵਿੱਚ ਆਪਣਾ ਖਾਤਾ ਬੰਦ ਕਰਵਾਉਣ ਲਈ ਕਾਫੀ ਗੇੜੇ ਮਾਰੇ ਪਰ ਬੈਂਕ ਅਧਿਕਾਰੀ ਹਰ ਵਾਰੀ 64 ਪੈਸੇ ਦੀ ਗੱਲ ਆਖ ਕੇ ਖਾਤਾ ਬੰਦ ਕਰਨ ਤੋਂ ਇਨਕਾਰ ਕਰ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਇਹ ਪੈਸੇ ਜਮ੍ਹਾਂ ਨਹੀਂ ਕਰਵਾ ਦਿੱਤੇ ਜਾਂਦੇ ਨਿਯਮਾਂ ਮੁਤਾਬਕ ਉਦੋਂ ਤੱਕ ਖਾਤਾ ਬੰਦ ਨਹੀਂ ਕੀਤਾ ਜਾ ਸਕਦਾ। ਸੁਖਚੈਨ ਸਿੰਘ ਨੇ ਇੰਨ੍ਹਾਂ 64 ਪੈਸਿਆਂ ਨੂੰ ਸਧਾਰਨ ਗੱਲ ਮੰਨਿਆਂ ਪਰ ਬੈਂਕ ਅਧਿਕਾਰੀਆਂ ਨੇ ਅਸਮਰੱਥਾ ਜਿਤਾ ਦਿੱਤੀ ਅਤੇ ਨਿਯਮਾਂ ਦੀ ਗੱਲ ਆਖ ਕੇ ਅੜੇ ਰਹੇ। ਜਦੋਂ ਕੋਈ ਰਾਹ ਨਾ ਨਿਕਲਿਆ ਤਾਂ ਸੁਖਚੈਨ ਸਿੰਘ ਨੇ ਖਾਤੇ ਵਿੱਚ ਇੱਕ ਰੁਪਈਆ ਯਾਨੀ ਕਿ 100 ਪੈਸੇ ਜਮ੍ਹਾਂ ਕਰਵਾ ਦਿੱਤੇ ਜਿਨ੍ਹਾਂ ਦੀ ਬਦੌਲਤ ਉਸ ਦਾ ਖਾਤਾ ਬੈਂਕ ਦੇ ਕਹੇ ਅਨੁਸਾਰ ਬੰਦ ਹੋਣ ਵਾਲਾ ਹੋ ਗਿਆ।
ਸੁਖਚੈਨ ਸਿੰਘ ਨੇ ਦੱਸਿਆ ਕਿ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਵੀ ਹਾਮੀ ਭਰ ਦਿੱਤੀ। ਇਸ ਮੌਕੇ ਸੁਖਚੈਨ ਸਿੰਘ ਨੇ ਆਪਣੇ 36 ਵਾਪਸ ਮੰਗ ਲਏ। ਪਹਿਲਾਂ ਤਾਂ ਬੈਂਕ ਅਧਿਕਾਰੀਆਂ ਨੂੰ ਉਮੀਦ ਸੀ ਕਿ ਖਾਤਾਧਾਰਕ ਸੁਖਚੈਨ ਸਿੰਘ ਜਿੱਦ ਨਹੀਂ ਕਰੇਗਾ ਪਰ ਜਦੋਂ ਉਹ ਅੜਿਆ ਰਿਹਾ ਤਾਂ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸੁਖਚੈਨ ਸਿੰਘ ਦਾ ਕਹਿਣਾ ਸੀ ਕਿ ਜਿਸ ਬੈਂਕ ਨਾਲ ਉਸਦਾ ਲੰਮਾ ਸਮਾਂ ਲੈਣ ਦੇਣ ਰਿਹਾ ਹੈ ਜਦੋਂ ਉਹ ਉਸ ਨੂੰ ਸਿਰਫ 64ਪੈਸੇ ਨਹੀਂ ਛੱਡ ਸਕਦਾ ਤਾਂ ਫਿਰ ਉਹ 36 ਪੈਸੇ ਕਿਉਂ ਛੱਡੇ।
ਬੈਂਕ ਅਧਿਕਾਰੀਆਂ ਦੀ ਦਲੀਲ ਸੀ ਕਿ ਇਹਨਾਂ ਥੋੜੇ ਜਿਹੇ ਪੈਸਿਆਂ ਨੂੰ ਵਾਪਿਸ ਕਰਨ ਲਈ ਉਹਨਾਂ ਨੂੰ ਵੱਡੀ ਕਾਗਜ਼ੀ ਕਾਰਵਾਈ ਕਰਨੀ ਪਵੇਗੀ । ਦੂਜੇ ਪਾਸੇ ਸੁਖਚੈਨ ਸਿੰਘ ਪੈਸੇ ਮੁੜਵਾਉਣ ਦੀ ਗੱਲ ਨੂੰ ਮੁੱਛ ਦਾ ਸਵਾਲ ਬਣਾ ਲਿਆ। ਸੁਖਚੈਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਹਾਜ਼ਰ ਕੁੱਝ ਲੋਕਾਂ ਨੇ ਜ਼ਿੱਦ ਛੱਡਣ ਲਈ ਕਿਹਾ ਪਰ ਉਹ ਨਾ ਮੰਨਿਆਂ । ਉਨ੍ਹਾਂ ਕਿਹਾ ਕਿ ਬੈਂਕ ਨੇ ਨਿਯਮਾਂ ਮੁਤਾਬਿਕ ਆਪਣੇ ਪੈਸੇ ਜਮ੍ਹਾਂ ਕਰਵਾ ਲਏ ਹਨ ਜਦੋਂ ਕਿ ਬਾਕੀ ਪੈਸੇ ਲੈਣਾ ਉਸ ਦਾ ਹੱਕ ਹੈ ਜੋ ਉਸ ਨੇ ਮੰਗਿਆ ਹੈ ਕੋਈ ਫਾਲਤੂ ਮੰਗ ਤਾਂ ਨਹੀਂ ਕੀਤੀ। ਲੰਮਾ ਸਮਾਂ ਇਸ ਮੁੱਦੇ ਤੇ ਬਹਿਸ ਤੋਂ ਬਾਅਦ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਬੈਂਕ ਅਧਿਕਾਰੀਆਂ ਨੇ 36 ਪੈਸੇ ਦਾ ਚੈੱਕ ਦੇ ਕੇ ਆਪਣੀ ਜਾਨ ਛੁਡਾਈ।
ਆਨਲਾਈਨ ਖਾਤਿਆਂ ਕਰਕੇ ਦਿੱਕਤ
ਸਟੇਟ ਬੈਂਕ ਆਫ ਇੰਡੀਆ ਦੇ ਸੇਵਾ ਮੁਕਤ ਮੈਨੇਜਰ ਰਾਜ ਬਾਂਸਲ ਦਾ ਕਹਿਣਾ ਸੀ ਕਿ ਇਹ ਸਮੱਸਿਆ ਰਿਕਾਰਡ ਦੇ ਆਨਲਾਈਨ ਹੋਣ ਕਰਕੇ ਆਈ ਹੈ। ਜਦੋਂ ਤੱਕ ਬਕਾਇਆ ਰਾਸ਼ੀ ਜਮ੍ਹਾਂ ਨਹੀਂ ਹੁੰਦੀ , ਉਦੋਂ ਤੱਕ ਕੰਪਿਊਟਰ ਖਾਤੇ ਨੂੰ ਜੀਰੋ ਤੇ ਨਹੀਂ ਲਿਆਉਂਦਾ ਹੈ। ਉਨ੍ਹਾਂ ਦੱਸਿਆ ਕਿ ਰਿਜ਼ਰਵ ਬੈਂਕ ਵੱਲੋਂ 50 ਪੈਸੇ ਤੋਂ ਹੇਠਾਂ ਵਾਲੇ ਸਿੱਕੇ ਬੰਦ ਕਰਨੇ ਵੀ ਦਿੱਕਤ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਛੋਟੇ ਮੋਟੇ ਪੈਸਿਆਂ ਦੇ ਮਾਮਲੇ ਵਿੱਚ ਕੋਈ ਨੀਤੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਗਾਹਕ ਅਤੇ ਬੈਂਕ ਦੇ ਰਿਸ਼ਤੇ ਪ੍ਰਭਾਵਿਤ ਨਾ ਹੋਣ।