POLICE ਪੜਤਾਲ ‘ਚ ਹਾਦਸੇ ਦਾ ਸੱਚ ਆ ਗਿਆ ਸਾਹਮਣੇ ”’

Spread the love

ਅਸ਼ੋਕ ਵਰਮਾ , ਬਠਿੰਡਾ, 28 ਅਪ੍ਰੈਲ 2023
      ਬਠਿੰਡਾ ਸ਼ਹਿਰ ਵਿੱਚ ਬੀਤੀ 9 ਅਪ੍ਰੈਲ ਨੂੰ ਮਲੋਟ ਰੋਡ ‘ਤੇ ਵਾਪਰਿਆ ਵਾਪਰਿਆ ਹਾਦਸਾ ਅਸਲ ਵਿਚ ਸੋਚੀ-ਸਮਝੀ ਸਾਜਿਸ਼ ਤਹਿਤ ਕੀਤਾ ਗਿਆ ਕਤਲ ਹੈ। ਬਠਿੰਡਾ ਪੁਲਿਸ ਨੇ ਇਸ ਸਬੰਧ ਵਿੱਚ ਮੁਲਜ਼ਮਾਂ  ਨੂੰ  ਗ੍ਰਿਫਤਾਰ ਕਰ ਲਿਆ ਗਿਆ ਹੈ।  ਇਸ ਗੱਲ ਦਾ ਖੁਲਾਸਾ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤਾ।  ਐਸਐਸਪੀ ਨੇ ਦੱਸਿਆ ਕਿ ਬੀਤੀ 9 ਅਪਰੈਲ ਨੂੰ ਲਖਵੀਰ ਸਿੰਘ ਵਾਸੀ ਗਿੱਦੜਬਾਹਾ ਦੀ ਲਾਸ਼ ਅਤੇ ਉਸ ਦੀ ਸਕੂਟੀ ਮਲੋਟ ਰੋਡ ’ਤੇ ਅੰਬੂਜਾ ਫੈਕਟਰੀ ਨੇੜਿਓਂ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਦੇ ਭਰਾ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ’ਤੇ ਥਾਣਾ ਥਰਮਲ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਹਾਦਸੇ ਦਾ ਕੇਸ ਦਰਜ ਕਰ ਲਿਆ ਸੀ।  ਪੁਲੀਸ ਨੂੰ ਮਾਮਲਾ ਸ਼ੱਕੀ ਲੱਗਿਆ  ਜਿਸ ਕਾਰਨ ਡੂੰਘਾਈ ਨਾਲ ਜਾਂਚ ਕਰਨ ਲਈ ਐਸਪੀ ਅਜੇ ਗਾਂਧੀ, ਡੀਐਸਪੀ ਦਵਿੰਦਰ ਸਿੰਘ, ਡੀਐਸਪੀ ਸਿਟੀ-2 ਗੁਰਪ੍ਰੀਤ ਸਿੰਘ ਅਤੇ ਸੀਆਈਏ-1 ਦੇ ਇੰਚਾਰਜ ਤ੍ਰਿਲੋਚਨ ਸਿੰਘ ਦੀ ਟੀਮ ਬਣਾਈ ਗਈ ਸੀ । ਟੀਮ ਵੱਲੋਂ ਡੂੰਘਾਈ ਨਾਲ ਕੀਤੀ ਗਈ ਪੜਤਾਲ ਦੌਰਾਨ ਇਸ ਮਾਮਲੇ ਸਬੰਧੀ ਅਸਲੀਅਤ ਸਾਹਮਣੇ ਆਈ ਹੈ।
 ਫੁੱਫੜ ਨੇ ਕਰਵਾਇਆ ਸੀ ਰਿਸ਼ਤਾ
    ਐਸਐਸਪੀ ਮੁਤਾਬਕ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਇਹ ਹਾਦਸਾ ਨਹੀਂ ਸਗੋਂ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਸੀ। ਪੁਲਿਸ ਨੇ ਧਾਰਾ 302 ਤਹਿਤ ਜਸਵਿੰਦਰ ਸਿੰਘ ਕਾਲਾ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਜਤਿੰਦਰ ਸਿੰਘ ਉਰਫ਼ ਜਿੰਦੂ ਵਾਸੀ ਦੋਦਾ ਅਤੇ ਰੁਪਿੰਦਰ ਸਿੰਘ ਪਿੰਦਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਮ੍ਰਿਤਕ ਲਖਵੀਰ ਸਿੰਘ ਦਾ ਚਾਚਾ ਹੈ, ਜਿਸ ਨੇ ਇੱਕ ਸਾਲ ਪਹਿਲਾਂ ਲਖਵੀਰ ਸਿੰਘ ਦਾ ਰਿਸ਼ਤਾ ਕਰਵਾਇਆ ਸੀ।
       ਐਸ ਐਸ ਪੀ  ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਜਸਵਿੰਦਰ ਸਿੰਘ ਦੇ ਲਖਵੀਰ ਸਿੰਘ ਦੀ ਪਤਨੀ ਨਾਲ ਕਥਿਤ ਤੌਰ ਤੇ ਨਾਜਾਇਜ਼ ਸਬੰਧ ਸਨ, ਜਿਸ ਬਾਰੇ ਲਖਵੀਰ ਸਿੰਘ ਨੂੰ ਸ਼ੱਕ ਹੋ ਗਿਆ ਸੀ। ਉਨਾਂ ਦੱਸਿਆ ਕਿ ਇਸ ਸਬੰਧੀ ਜਸਵਿੰਦਰ ਸਿੰਘ ਨੂੰ ਵੀ ਜਾਣਕਾਰੀ ਹੋ ਗਈ ਸੀ। ਜਸਵਿੰਦਰ ਸਿੰਘ ਨੂੰ ਇਹ ਵੀ ਪਤਾ ਲੱਗਾ ਸੀ ਕਿ ਲਖਵੀਰ ਕੋਲ ਉਸ ਦੀ ਕੋਈ ਵੀਡੀਓ ਵੀ ਹੈ। ਇਸ ਲਈ ਜਸਵਿੰਦਰ ਨੇ ਆਪਣੇ ਦੋਸਤਾਂ ਨਾਲ ਸਾਜ਼ਿਸ਼ ਰਚ ਕੇ ਲਖਵੀਰ ਸਿੰਘ ਨੂੰ ਬਹਾਨੇ ਨਾਲ਼ ਮਲੋਟ ਰੋਡ ਤੇ ਬੁਲਾ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਪਤਨੀ ਦੀ ਭੂਮਿਕਾ ਬਾਰੇ ਜਾਂਚ ਜਾਰੀ
     ਐੱਸਐੱਸਪੀ ਨੇ ਦੱਸਿਆ ਕਿ ਇੱਥੇ ਜਤਿੰਦਰ ਅਤੇ ਰੁਪਿੰਦਰ ਨੇ ਲਖਵੀਰ ਸਿੰਘ ਦੇ ਸਿਰ ‘ਤੇ ਰਾਡ ਮਾਰ ਕੇ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਕਤਲ ਨੂੰ ਹਾਦਸਾ ਬਣਾਉਣ ਲਈ ਉਸ ‘ਤੇ ਟਰਾਲਾ ਚੜ੍ਹਾ ਦਿੱਤਾ। ਜਾਂਦੇ ਸਮੇਂ ਉਹ ਮ੍ਰਿਤਕ ਦਾ ਮੋਬਾਈਲ ਫੋਨ ਵੀ ਆਪਣੇ ਨਾਲ ਲੈ ਗਏ। ਪੋਸਟ ਮਾਰਟਮ ਦੀ ਰਿਪੋਰਟ ਵਿੱਚ ਸੱਟ ਦੇ ਨਿਸ਼ਾਨ ਸਾਹਮਣੇ ਆਉਣ ‘ਤੇ ਪੁਲਸ ਦਾ ਸ਼ੱਕ ਹੋਰ ਵਧ ਗਿਆ। ਉਨ੍ਹਾਂ ਦੱਸਿਆ ਕਿ ਹੈ ਮੁਲਜ਼ਮਾਂ ਕੋਲੋਂ ਰਾਡ ਅਤੇ ਟਰਾਲਾ ਬਰਾਮਦ ਕਰ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਇਸ ਕਤਲ ਮਾਮਲੇ ਵਿੱਚ ਲਖਵੀਰ ਸਿੰਘ ਦੀ ਪਤਨੀ ਦੀ ਭੂਮਿਕਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Spread the love
Scroll to Top