ਉਦਘਾਟਨ ਤੋਂ 7 ਮਹੀਨੇ ਬਾਅਦ ਵੀ ਨਹੀਂ ਚੱਲਿਆ ਸੀ.ਟੀ. ਸਕੈਨ ਸੈਂਟਰ
ਜੁਗਾੜੂ ਢੰਗ ਨਾਲ ਹੀ ਕਰ ਦਿੱਤਾ ਗਿਆ ਸੀ, ਉਦਘਾਟਨ
ਹਰਿੰਦਰ ਨਿੱਕਾ ,ਬਰਨਾਲਾ 7 ਅਗਸਤ 2022
ਸਿਵਲ ਹਸਪਤਾਲ ਬਰਨਾਲਾ ‘ਚ ਸੀ.ਟੀ. ਸਕੈਨ ਅਤੇ ਐਮ.ਆਰ.ਆਈ. ਦੀ ਸਹੂਲਤ ਲੋਕਾਂ ਨੂੰ ਸਸਤੇ ਰੇਟਾਂ ਤੇ ਮੁਹੱਈਆ ਕਰਵਾਉਣ ਦੀ ਮੰਸ਼ਾ ਲਈ ਤਿਆਰ ਰੇਡਿਉ ਡਾਇਗਨੋਸਟਿਕ ਸੈਂਟਰ, ਉਦਘਾਟਨ ਤੋਂ ਸੱਤ ਮਹੀਨਿਆਂ ਬਾਅਦ ਹਾਲੇ ਤੱਕ ਵੀ ਚਾਲੂ ਨਹੀਂ ਹੋ ਸਕਿਆ। ਨਤੀਜੇ ਵਜੋਂ, ਪ੍ਰਾਈਵੇਟ ਸਕੈਨ ਸੈਂਟਰ ਮਾਲਿਕਾਂ ਦੀਆਂ ਪੌਂ ਬਾਰਾਂ ਨੇ ਅਤੇ ਲੋਕਾਂ ਨੂੰ ਮਹਿੰਗੇ ਭਾਅ ਤੇ ਸੀ.ਟੀ. ਸਕੈਨ / ਐਮ.ਆਰ.ਆਈ. ਕਰਵਾਉਣ ਲਈ ਅੱਕਰੇ ਰੇਟਾਂ ਤੇ ਛਿੱਲ ਲੁਹਾਉਣੀ ਪੈਂਦੀ ਹੈ। ਸੂਬੇ ਦੀ ਸੱਤਾ ‘ ਚ ਆਏ ਵੱਡੇ ਰਾਜਸੀ ਬਦਲਾਅ ਤੋਂ 5 ਮਹੀਨੇ ਬਾਅਦ ਵੀ ਸਿਰਫ 2 ਲੱਖ ਰੁਪਏ ਦਾ ਪ੍ਰਬੰਧ ਨਾ ਹੋਣ ਕਰਕੇ ਰੇਡਿਉ ਡਾਇਗਨੋਸਟਿਕ ਸੈਂਟਰ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ। ਜਦੋਂਕਿ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਨੇ ਹਿੱਕ ਥਾਪੜਦਿਆਂ ਕਿਹਾ ਕਿ 15 ਅਗਸਤ ਤੱਕ ਸੀ.ਟੀ. ਸਕੈਨ ਸੈਂਟਰ ਚਾਲੂ ਹੋ ਜਾਵੇਗਾ।
ਵਰਨਣਯੋਗ ਹੈ ਕਿ ਪੰਜਾਬ ਹੈਲਥ ਸਿਸਟਮਜ ਕਾਰਪੋਰੇਸ਼ਨ , ਪੰਜਾਬ ਸਰਕਾਰ ਤੇ ਕ੍ਰਸ਼ਨਾ ਡਾਇਗਨੋਸਟਿਕ ਲਿਮਟਿਡ ਦੀ ਭਾਈਵਾਲੀ ਤਹਿਤ ਤਿਆਰ ਰੇਡਿਉ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਬਿਲਡਿੰਗ ਤੇ ਲੱਗੇ ਉਦਘਾਟਨੀ ਪੱਥਰ ਅਨੁਸਾਰ 7 ਜਨਵਰੀ 2022 ਨੂੰ ਤਤਕਾਲੀ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ੳ.ਪੀ. ਸੋਨੀ ਅਤੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕੀਤਾ ਸੀ। ਹਕੀਤਕ ਇਹ ਹੈ ਕਿ ਦਰਅਸਲ , ਸੀ.ਟੀ. ਸਕੈਟ ਸੈਂਟਰ ਦਾ ਉਦਘਾਟਨ ਦੇ ਉਦੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਹੁਣ ਭਾਜਪਾ ਨੇਤਾ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਪਤਨੀ ਮਨਜੀਤ ਕੌਰ ਢਿੱਲੋਂ ਨੇ ਹੀ ਚੋਣ ਜਾਬਤਾ ਲਾਗੂ ਹੋਣ ਤੋਂ ਕੁੱਝ ਦਿਨ ਪਹਿਲਾਂ ਕਾਹਲੀ ਕਾਹਲੀ ‘ਚ ਕਰਿਆ ਸੀ। ਜਦੋਂਕਿ ਉਦੋਂ ਸਕੈਨ ਸੈਂਟਰ ਦੀ ਲੋੜ ਅਨੁਸਾਰ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ ਲੱਗਿਆ ਹੋਇਆ ਸੀ।
ਸੀ.ਟੀ. ਸਕੈਨ ਸੈਂਟਰ ‘ ਲੱਗਿਆ ਅੜਿੱਕਾ !
ਪ੍ਰਾਪਤ ਜਾਣਕਾਰੀ ਮੁਤਾਬਿਕ ਰੇਡਿਉ ਡਾਇਗਨੋਸਟਿਕ ਸੈਂਟਰ ਅਤੇ ਲੈਬੋਰਟਰੀ ਲਈ ਲੋੜੀਂਦਾ ਬਿਜਲੀ ਦਾ ਲੋਡ ਉਪਲੱਭਧ ਨਹੀਂ ਸੀ। ਜਦੋਂਕਿ ਬਿਜਲੀ ਦਾ ਲੋਡ ਵਧਾਉਣ ਲਈ, 2 ਲੱਖ ਰੁਪਏ ਅਤੇ ਇੱਕ ਵੱਖਰੇ ਟਰਾਂਸਫਾਰਮਰ ਦੀ ਜਰੂਰਤ ਸੀ। ਲੋਡ ਵਧਾਉਣ ਅਤੇ ਟਰਾਂਸਫਾਰਮਰ ਦੇ ਹੋਣ ਵਾਲਾ ਖਰਚ ਕਰਨ ਨੂੰ ਲੈ ਕੇ ਪ੍ਰੋਜੈਕਟ ‘ਚ ਭਾਈਵਾਲ ਪ੍ਰਾਈਵੇਟ ਕੰਪਨੀ ਅਤੇ ਹਸਪਤਾਲ ਪ੍ਰਬੰਧਕਾਂ ਵਿੱਚ ਖਿੱਚੋਤਾਣ ਚੱਲਦੀ ਰਹੀ। ਆਖਿਰ ਕੁੱਝ ਸਮਾਂ ਦੋਵਾਂ ਧਿਰਾਂ ਵਿੱਚ ਸਹਿਮਤੀ ਬਣ ਗਈ ਕਿ ਟਰਾਂਸਫਾਰਮਰ ਭਾਈਵਾਲ ਕੰਪਨੀ ਲਵਾਊਗੀ ਅਤੇ ਲੋਡ ਵਧਾਉਣ ਦਾ ਖਰਚਾ ਹਸਪਤਾਲ ਪ੍ਰਬੰਧਕ ਭਰਨਗੇ। ਕਨਸੋਆਂ ਇਹ ਵੀ ਨਿੱਕਲਕੇ ਆ ਰਹੀਆਂ ਹਨ ਕਿ ਸੀ.ਟੀ. ਸਕੈਨ ਸੈਂਟਰ ਦੇ ਚਾਲੂ ਹੋਣ ਵਿੱਚ ਪਰਦੇ ਪਿੱਛੇ ਕੁੱਝ ਅੜਿੱਕਾ , ਕੁੱਝ ਪ੍ਰਾਈਵੇਟ ਸਕੈਨ ਸੈਂਟਰ ਮਾਲਿਕ ਵੀ ਪਾਉਂਦੇ ਰਹੇ ਹਨ ਤਾਂ ਕਿ ਉਨਾਂ ਦਾ ਧੰਦਾ ਅਤੇ ਲੋਕਾਂ ਦੀ ਲੁੱਟ ਹੋਰ ਜਿਆਦਾ ਸਮਾਂ ਚਾਲੂ ਰਹਿ ਸਕੇ।
ਸਹਿਮਤੀ ਤੋਂ ਬਾਅਦ ਫਿਰ ਨਵੀਂ ਸਮੱਸਿਆ
ਦੋਵਾਂ ਧਿਰਾਂ ਦੀ ਸਹਿਮਤੀ ਬਣਨ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਲਈ ਨਵੀਂ ਸਮੱਸਿਆ ਖੜ੍ਹੀ ਹੋ ਗਈ। ਸੀ.ਐਮ.ੳ ਤੋਂ ਲੈ ਕੇ ਸਿਵਲ ਸਰਜਨ ਤੱਕ ਕਿਸੇ ਵੀ ਅਧਿਕਾਰੀ ਕੋਲ 2 ਲੱਖ ਰੁਪਏ ਦਾ ਖਰਚ ਕਰਨ ਦੀ ਸਮਰੱਥਾ ਨਹੀਂ ਸੀ। ਐਸ.ਐਮ.ਉ 30 ਹਜ਼ਾਰ ਅਤੇ ਸੀਐਮੳ ਕੋਲ 1 ਲੱਖ ਰੁਪਏ ਦਾ ਖਰਚ ਕਰਨ ਦੀ ਪਾਵਰ ਹੈ। 2 ਲੱਖ ਦੇ ਖਰਚੇ ਲਈ, ਸਿਹਤ ਕਾਰਪੋਰੇਸ਼ਨ ਦੇ ਆਲ੍ਹਾ ਅਧਿਕਾਰੀ ਤੋਂ ਪ੍ਰਵਾਨਗੀ ਲੈਣੀ ਲਾਜਿਮੀ ਹੈ। ਫਿਰ 2 ਲੱਖ ਦੀ ਪ੍ਰਵਾਨਗੀ ਲਈ ਚਿੱਠੀ ਪੱਤਰ ਸ਼ੁਰੂ ਹੋ ਗਿਆ। ਚਿੱਠੀ ਦਰ ਚਿੱਠੀ ਤੇ ਫਿਰ ਮੰਜੂਰੀ ਦੀ ਉਡੀਕ ਵਿੱਚ ਹੀ ਫਾਇਲਾਂ ਇੱਧਰ ਉੱਧਰ ਭਟਕਦੀਆਂ ਰਹੀਆਂ। ਦੂਜੇ ਪਾਸੇ 7 ਮਹੀਨਿਆਂ ਵਿੱਚ ਇਲਾਕੇ ਦੇ ਲੋਕਾਂ ਦੀ ਜੇਬ ਵਿੱਚੋਂ ਮਹਿੰਗੇ ਟੈਸਟਾਂ ਤੇ ਲੱਖਾਂ ਰੁਪਏ ਵਾਧੂ ਨਿੱਕਲ ਗਏ। ਹੁਣ ਕੰਪਨੀ ਵਾਲਿਆਂ ਨੇ ਟਰਾਂਸਫਾਰਮਰ ਲੁਆ ਦਿੱਤਾ ਹੈ ਅਤੇ ਹਸਪਤਾਲ ਪ੍ਰਬੰਧਕਾਂ ਨੂੰ 2 ਲੱਖ ਰੁਪਏ ਖਰਚ ਕਰਨ ਦੀ ਮੰਜੂਰੀ ਮਿਲ ਗਈ ਹੈ। ਸਿਵਲ ਸਰਜਨ ਡਾਕਟਰ ਜਸਵੀਰ ਔਲਖ ਨੇ ਦੱਸਿਆ ਕਿ ਹੁਣ ਸੀ.ਟੀ. ਸਕੈਨ ਦਾ ਲੋੜ ਵਧਾਉਣ ਨੂੰ ਲੈ ਕੇ ਪੈਦਾ ਹੋਏ ਸਾਰੇ ਅੜਿੱਕੇ ਦੂਰ ਹੋ ਚੁੱਕੇ ਹਨ। ਉਮੀਦ ਹੈ, 15 ਅਗਸਤ ਤੱਕ ਰੇਡਿਉ ਡਾਇਗਨੋਸਟਿਕ ਸੈਂਟਰ ਚਾਲੂ ਹੋ ਜਾਵੇਗਾ।
Pingback: POWER ਲੋਡ ਵਧਾਉਣ ਲਈ, ਲੋੜੀਂਦੇ 2 ਲੱਖ ਦਾ ਜੁਗਾੜ ਕਰਨ ਤੇ ਲੰਘੇ 7 ਮਹੀਨੇ