Protest – ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੀ ਸੌਹਰਿਆਂ ਦੀ ਸਤਾਈ ਨੂੰਹ

Spread the love

ਹਸਪਤਾਲ ‘ਚ ਦਾਖਿਲ ਹੋਈ, ਪੁਲਿਸ ਨੇ ਬਿਆਨ ਲਿਖਿਆ, ਪਰ ਦਰਜ਼ ਨਹੀਂ ਕੀਤਾ ਕੇਸ 

ਹਰਿੰਦਰ ਨਿੱਕਾ , ਬਰਨਾਲਾ 8 ਜੂਨ 2023

         ਜਿਲ੍ਹੇ ਦੇ ਪਿੰਡ ਠੁੱਲੀਵਾਲ ‘ਚ ਆਪਣੇ ਸੌਹਰਿਆਂ ਦੀ ਕਥਿਤ ਤੌਰ ਤੇ ਸਤਾਈ ਨੂੰਹ ਅੱਜ ਰੋਸ ਵਜੋਂ ਪੈਟਰੌਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਠੁੱਲੀਵਾਲ ਦੀ ਪੁਲਿਸ ਤੇ ਹੋਰ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ। ਇਸ ਮੌਕੇ ਗੱਲਬਾਤ ਕਰਦਿਆਂ ਗੁਰਤੇਜ ਸਿੰਘ ਨੇ                      ਦੱਸਿਆ ਕਿ ਮੇਰੀ ਪਤਨੀ ਪਰਮਜੀਤ ਕੌਰ ਦੀ ,ਮੇਰੀ ਮਾਂ ਅਤੇ ਪਿਉ ਨੇ ਕੁੱਝ ਦਿਨ ਪਹਿਲਾਂ ਕੁੱਟਮਾਰ ਕੀਤੀ ਸੀ। ਜਖਮੀ ਹਾਲਤ ਵਿੱਚ ਪਰਮਜੀਤ ਕੌਰ ਨੂੰ ਮਹਿਲ ਕਲਾਂ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿੱਥੇ ਪੁਲਿਸ ਮੁਲਾਜਮ ਬਿਆਨ ਵੀ ਕਲਮਬੰਦ ਕਰਕੇ ਲਿਆਏ । ਪਰ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੰਘੀ ਰਾਤ ਪਰਮਜੀਤ ਕੌਰ , ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਤੋਂ ਕਾਫੀ ਪ੍ਰੇਸ਼ਾਨ ਸੀ, ਸਵੇਰੇ ਹੀ ਉਹ ਘਰੋਂ ਆਈ ਤੇ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਈ। ਉਸ ਦੇ ਹੱਥ ਵਿੱਚ ਪੈਟਰੌਲ ਦੀ ਬੋਤਲ ਫੜ੍ਹੀ ਹੋਈ ਹੈ। ਪਰਮਜੀਤ ਕੌਰ ਨੂੰ ਟੈਂਕੀ ਤੋਂ ਉਤਾਰਨ ਲਈ ਪੁਲਿਸ ,ਪੰਚਾਇਤ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਕਾਫੀ ਕੋਸ਼ਿਸ਼ ਕੀਤੀ, ਪਰ ਉਹ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ,ਉਨਾਂ ਨੂੰ ਗਿਰਫਤਾਰ ਕੀਤੇ ਜਾਣ ਦੀ ਮੰਗ ਤੇ ਅੜੀ ਹੋਈ ਹੈ। ਪਰਮਜੀਤ ਕੌਰ ਤੇ ਘਰਵਾਲੇ ਗੁਰਤੇਜ ਸਿੰਘ ਨੇ ਕਿਹਾ ਕਿ ਮੇਰੇ ਮਾਂ ਬਾਪ ਨਾਲ ਸਾਡਾ ਜਮੀਨ ਅਤੇ ਘਰ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਉੱਧਰ ਪਰਮਜੀਤ ਕੌਰ ਨੇ ਕਿਹਾ ਕਿ ਜਿੰਨ੍ਹੀ ਦੇਰ ਤੱਕ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ,ਉਹ ਟੈਂਕੀ ਤੋਂ ਨਹੀਂ ਉਤਰੇਗੀ, ਜੇਕਰ ਕਿਸੇ ਨੇ ਜਬਰਦਸਤੀ ਉਸ ਨੂੰ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੈਟਰੌਲ ਪਾ ਕੇ ਖੁਦ ਨੂੰ ਅੱਗ ਦੇ ਹਵਾਲੇ ਕਰ ਦੇਵੇਗੀ। ਥਾਣਾ ਠੁੱਲੀਵਾਲ ਦੇ ਐਸਐਚੳ ਨਾਹਰ ਸਿੰਘ ਨੇ ਕਿਹਾ ਕਿ ਪਰਮਜੀਤ ਕੌਰ ਦਾ ਆਪਣੇ ਸੱਸ ਸੌਹਰੇ ਨਾਲ ਜਮੀਨ ਦੀ ਅਤੇ ਘਰ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਪਰਮਜੀਤ ਕੌਰ ਅਤੇ ਉਸ ਦਾ ਘਰਵਾਲਾ ਗੁਰਤੇਜ ਸਿੰਘ ਆਪਣੇ ਹਿੱਸੇ ਆਉਂਦੇ ਘਰ ਦੀ ਕੰਧ ਕੱਢਾਉਣ , ਘਰ ਦੀ ਅੱਜ ਹੀ ਰਜਿਸਟਰੀ ਕਰਵਾ ਕੇ ਦੇਣ ਅਤੇ ਉਸ ਦੇ ਹਿੱਸੇ ਆਉਂਦੀ ਤਿੰਨ ਵਿੱਘੇ ਜਮੀਨ ਦੀ ਖੇਤ ਵਿੱਚ ਵੱਟ ਪਾ ਕੇ ਦੇਣ ਲਈ ਅੜੇ ਹੋਏ ਹਨ। ਪਹਿਲਾਂ ਦੋਵਾਂ ਧਿਰਾਂ ਦਾ ਮੋਹਤਬਰ ਵਿਅਕਤੀਆਂ ਨੇ ਸਮਝੌਤਾ ਕਰਵਾ ਦਿੱਤੀ ਸੀ, ਪਰ ਉਹ ਕਿਸੇ ਕਾਰਣ ਸਿਰੇ ਨਹੀਂ ਚੜ੍ਹ ਸਕਿਆ। ਉਨਾਂ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਬਾਰੇ ਕਿਹਾ ਕਿ ਪੁਲਿਸ ਨੇ ਪਰਮਜੀਤ ਕੌਰ ਦਾ ਬਿਆਨ ਕਲਮਬੰਦ ਕਰ ਲਿਆ, ਹਾਲੇ ਤੱਕ ਹਸਪਤਾਲ ਤੋਂ ਮੈਡੀਕਲ ਰਿਪੋਰਟ ਪ੍ਰਾਪਤ ਨਹੀਂ ਹੋਈ। ਮੈਡੀਕਲ ਰਿਪੋਰਟ ਆ ਜਾਣ ਤੋਂ ਬਾਅਦ ਨਾਮਜ਼ਦ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 


Spread the love
Scroll to Top