ਰਾਮ ਲੀਲਾ ਮੈਦਾਨ ਦਾ ਜਿੰਦਾ ਤੋੜਨ ਵਾਲਿਆਂ ਖਿਲਾਫ ਡੀ.ਐਸ.ਪੀ. ਨੂੰ ਦਿੱਤੀ ਦੁਰਖਾਸਤ
ਹਰਿੰਦਰ ਨਿੱਕਾ , ਬਰਨਾਲਾ 14 ਅਗਸਤ 2022
ਅਰਸਾ ਇੱਕ ਸਦੀ ਤੋਂ ਵੀ ਵੱਧ ਪੁਰਾਣੀ ਸ੍ਰੀ ਰਾਮ ਲੀਲਾ ਕਮੇਟੀ ਰਜਿ: ਬਰਨਾਲਾ ਤੇ ਕਥਿਤ ਕਬਜ਼ਾ ਕਰਕੇ ਚੌਧਰ ਦੀ ਸ਼ੁਰੂ ਹੋਈ ਲੜਾਈ ਦੇ ਸ਼ਿਖਰ ਤੇ ਪਹੁੰਚ ਜਾਣ ਨਾਲ ਪੈਦਾ ਹੋਏ ਤਣਾਅ ਤੋਂ ਬਾਅਦ ਸ਼ਹਿਰ ਦੇਰ ਸ਼ਾਮ ਦੋਵਾਂ ਧਿਰਾਂ ਵਿੱਚ ਸੁਲ੍ਹਾ ਸਫਾਈ ਦੇ ਯਤਨ ਵੀ ਤੇਜ਼ ਹੋ ਗਏ ਹਨ। ਝਗੜੇ ਦੇ ਨਿਪਟਾਰੇ ਲਈ, ਸਰਬਸੰਮਤੀ ਨਾਲ ਵੱਖ ਵੱਖ ਧਾਰਮਿਕ,ਰਾਜਨੀਤਕ ਅਤੇ ਸਮਾਜਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇੱਕ 13 ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ । ਦੂਜੇ ਪਾਸੇ , ਰਾਮ ਲੀਲਾ ਮੈਦਾਨ ਦਾ ਜਿੰਦਾ ਤੋੜਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਸ੍ਰੀ ਰਾਮ ਲੀਲਾ ਕਮੇਟੀ (ਨਾਭਚੰਦ ਜਿੰਦਲ ) ਦੀ ਅਗਵਾਈ ਵਿੱਚ ਕਮੇਟੀ ਮੈਂਬਰਾਂ ਨੇ ਡੀਐਸਪੀ ਬਰਨਾਲਾ ਨੂੰ ਲਿਖਤੀ ਦੁਰਖਾਸਤ ਵੀ ਦੇ ਦਿੱਤੀ। ਪ੍ਰਧਾਨ ਨਾਭ ਚੰਦ ਜਿੰਦਲ ਅਤੇ ਅਨਿਲ ਨਾਣਾ ਨੇ ਕਿਹਾ ਕਿ ਝਗੜੇ ਦੇ ਨਿਪਟਾਰੇ ਲਈ ਬਣਾਈ ਕਮੇਟੀ ਭਾਰਤ ਮੋਦੀ ਧਿਰ ਦੇ ਨੁਮਾਇੰਦਿਆਂ ਦੀ ਕਮੇਟੀ ਹੈ, ਜਿਹੜੀ ਸਾਨੂੰ ਮੰਜੂਰ ਨਹੀਂ।
ਕੌਣ ਕੌਣ ਸ਼ਾਮਿਲ ਹੈ, ਝਗੜੇ ਨਿਪਟਾਊ ਕਮੇਟੀ ‘ਚ
ਸ੍ਰੀ ਰਾਮ ਲੀਲਾ ਕਮੇਟੀ (ਭਾਰਤ ਮੋਦੀ ) ਦੀ ਅਗਵਾਈ ਵਿੱਚ ਅੱਜ ਮਾਤਾ ਕੌਸ਼ਲਿਆ ਹਾਲ ਵਿੱਚ ਸ਼ਹਿਰੀਆਂ ਅਤੇ ਵੱਖ ਵੱਖ ਧਾਰਮਿਕ /ਰਾਜਸੀ/ਸਮਾਜਕ ਸੰਸਥਾਵਾਂ ਦੇ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਝਗੜੇ ਦੇ ਨਿਪਟਾਰੇ ਲਈ ਤੇਰਾਂ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਗਈ। ਕਮੇਟੀ ਮੈਂਬਰਾਂ ਵਿੱਚ ਬਸੰਤ ਗੋਇਲ ਪ੍ਰਧਾਨ ਗੀਤਾ ਭਵਨ , ਅਨਿਲ ਦੱਤ ਸ਼ਰਮਾ ਪ੍ਰਧਾਨ ਸ੍ਰੀ ਮਹਾਸ਼ਕਤੀ ਕਲਾ ਮੰਦਿਰ , ਸੰਜੀਵ ਸ਼ੋਰੀ , ਸਾਬਕਾ ਪ੍ਰਧਾਨ ਨਗਰ ਕੌਂਸਲ ,ਭਾਜਪਾ ਦੇ ਸੂਬਾਈ ਆਗੂ ਧੀਰਜ਼ ਦੱਧਾਹੂਰ, ਨੀਲਮਣੀ ਸਮਾਧੀਆ ਬਜਰੰਗ ਦਲ , ਰਾਹੁਲ ਬਾਲੀ ਪ੍ਰਧਾਨ ਸ੍ਰੀ ਬ੍ਰਾਹਮਣ ਸਭਾ , ਮਹੇਸ਼ ਲੋਟਾ, ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ ਬਰਨਾਲਾ, ਸੁਭਾਸ਼ ਕੁਮਾਰ, ਰਾਮ ਲੀਲਾ ਕਮੇਟੀ , ਕੌਂਸਲਰ ਹੇਮ ਰਾਜ ਗਰਗ, ਸਮਾਜ ਸੇਵੀ , ਯਸ਼ਪਾਲ ਸ਼ਰਮਾ, ਪ੍ਰਧਾਨ ਵਿਸ਼ਵ ਹਿੰਦੂ ਪ੍ਰੀਸ਼ਦ , ਭਾਜਪਾ ਆਗੂ ਨਰਿੰਦਰ ਗਰਗ ਨੀਟਾ ,ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ , ਰਾਜੀਵ ਮਿੱਤਲ , ਪੰਚਾਇਤੀ ਮੰਦਿਰ, ਭਾਰਤੀਯਾ ਮਹਾਵੀਰ ਦਲ, ਵਰਿੰਦਰ ਬੰਧੂ , ਭਾਰਤੀਯਾ ਸਨਾਤਨ ਮਹਾਵੀਰ ਦਲ ਸ਼ਾਮਿਲ ਹਨ। ਕਮੇਟੀ ਮੈਂਬਰਾਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਉਹ ਦੋਵਾਂ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ, ਮਾਮਲੇ ਦਾ ਜਲਦ ਨਿਪਟਾਰਾ ਕਰਵਾਉਣਗੇ ਤਾਂਕਿ ਸ਼ਹਿਰ ਵਿੱਚ ਅਮਨ ਸ਼ਾਤੀ ਦਾ ਮਾਹੌਲ ਕਾਇਮ ਰੱਖਿਆ ਜਾ ਸਕੇ।
ਵਪਾਰ ਮੰਡਲ ਦਾ ਪ੍ਰਧਾਨ ਅਨਿਲ ਨਾਣਾ ਬੋਲਿਆ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਨੇ ਕਿਹਾ ਕਿ ਸ੍ਰੀ ਰਾਮ ਲੀਲਾ ਕਮੇਟੀ ਦੇ ਹਾਲ ਨੂੰ ਲਾਇਆ ਜਿੰਦਾ ਤੋੜਨ ਵਾਲਿਆਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ, ਇਸ ਲਈ ਪੁਲਿਸ ਨੂੰ ਜਿੰਦਾ ਤੋੜਨ ਵਾਲਿਆਂ ਖਿਲਾਫ ਬਿਨਾਂ ਦੇਰੀ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਅਨਿਲ ਨਾਣਾ ਨੇ ਕਥਿਤ ਤੌਰ ਤੇ ਦੋਸ਼ ਲਾਇਆ ਕਿ ਖੁਦ ਨੂੰ ਸਮਾਜ ਸੇਵੀ ਵਜੋਂ ਪੇਸ਼ ਕਰ ਰਹੇ, ਰਾਮ ਲੀਲਾ ਕਮੇਟੀ ਦੇ ਪ੍ਰਮੁੱਖ ਆਗੂ ਨੇ ਖੁਦ ਹਿੰਦੂ ਮੰਦਿਰ ਦੀ ਦੁਕਾਨ ਤੇ ਨਿਗੂਣੇ ਜਿਹੇ ਸਾਲਾਨਾ ਕਿਰਾਏ ਤੇ ਦੁਕਾਨ ਲੈ ਕੇ ਪੱਕਾ ਕਬਜ਼ਾ ਕਰ ਰੱਖਿਆ ਹੈ,ਮੰਦਿਰ ਨੁੰ ਵੀ ਸਟੋਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਅਜਿਹੇ ਵਿਅਕਤੀ ਦੇ ਕਬਜ਼ੇ ਵਿੱਚੋਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਵੀ ਜਲਦ ਹੀ ਸ਼ਹਿਰੀਆਂ ਦੇ ਸਹਿਯੋਗ ਨਾਲ ਵੱਡੀ ਮੁਹਿੰਮ ਵਿੱਢੀ ਜਾਵੇਗੀ।