ਆਰ.ਟੀ.ਆਈ.ਨੂੰ ਹਊਆ ਨਾ ਸਮਝਣ ਅਤੇ ਮੰਗੀ ਸੂਚਨਾ ਨੂੰ ਸਮੇਂ ਸਿਰ ਮੁਹੱਈਆ ਕਰਵਾਉਣ ਵਿਭਾਗੀ ਅਧਿਕਾਰੀ
ਸ਼ਿਕਾਇਤਾਂ ਦੇ ਨਿਪਟਾਰੇ ਦੀ ਵਿਧੀ, ਸੇਵਾਂ ਕੇਂਦਰ ਵਿੱਚ ਦਿੱਤੀਆਂ ਜਾਂ ਰਹੀਆਂ ਸੇਵਾਵਾਂ ਬਾਰੇ ਵੀ ਦਿੱਤੀ ਜਾਣਕਾਰੀ
ਟੂਡੇ ਨਿਊਜ ਨੈਟਵਰਕ , ਫਾਜ਼ਿਲਕਾ 4 ਅਗਸਤ 2022
ਸੂਚਨਾ ਦਾ ਅਧਿਕਾਰ (ਆਰ.ਟੀ.ਆਈ) ਕਾਨੂੰਨ-2005 ਦਾ ਮੁੱਖ ਮੰਤਵ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਵਾਬ ਦੇਹ ਬਣਾਉਣਾ ਹੈ। ਇਸ ਲਈ ਕਦੇ ਵੀ ਅਧਿਕਾਰੀ ਆਰ.ਟੀ.ਆਈ. ਐਕਟ ਨੂੰ ਹਊਆ ਨਾ ਸਮਝਣ , ਸਗੋਂ ਇਸ ਨੂੰ ਹਾਂ ਪੱਖੀ ਰਵੱਈਏ ਨਾਲ ਸਮੇਂ ਸਿਰ ਸੂਚਨਾ ਪ੍ਰਦਾਨ ਕਰਨਾ ਯਕੀਨੀ ਬਣਾਉਣ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਗਸੀਪਾ ਦੇ ਖੇਤਰੀ ਕੇਂਦਰ ਬਠਿੰਡਾ ਦੇ ਕੁਆਡੀਨੇਟਰ ਸ੍ਰੀ ਮਨਦੀਪ ਸਿੰਘ, ਮਨੀਸ਼ ਖੁੰਗਰ ਅਤੇ ਵਰੁਣ ਬਾਂਸਲ ਐਡਵੋਕੇਟ ਜ਼ਿਲ੍ਹਾ ਕੋਰਟ ਬਠਿੰਡਾ ਨੇ ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਸੰਸਥਾਨ(ਮੈਗਸੀਪਾ) ਦੇ ਖੇਤਰੀ ਕੇਂਦਰ ਬਠਿੰਡਾ ਵੱਲੋਂ ਆਰ.ਟੀ.ਆਈ ਐਕਟ 2005 ਸਬੰਧੀ ਵਿਭਾਗਾਂ ਨੂੰ ਜਾਗਰੂਕ ਕਰਨ ਹਿੱਤ ਕਰਵਾਏ ਜਾ ਰਹੇ 2 ਰੋਜ਼ਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।
ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਐੱਸ.ਡੀ.ਐੱਮ ਦਫਤਰ ਦੇ ਮੀਟਿੰਗ ਹਾਲ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦੌਰਾਨ ਮੈਗਸੀਪਾ ਦੇ ਖੇਤਰੀ ਕੇਂਦਰ ਬਠਿੰਡਾ ਦੇ ਕੁਆਡੀਨੇਟਰ ਸ੍ਰੀ ਮਨਦੀਪ ਸਿੰਘ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਮੰਤਵ ਸਮੂਹ ਵਿਭਾਗੀ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਉਨਾਂ ਕਿਹਾ ਕਿ ਵਿਭਾਗ ਦੇ ਹਰ ਅਧਿਕਾਰੀ ਲਈ ਆਰ.ਟੀ.ਆਈ. ਐਕਟ ਸਬੰਧੀ ਜਾਣਕਾਰੀ ਹੋਣਾ ਲਾਜ਼ਮੀ ਹੈ।
ਉਨ੍ਹਾਂ ਨੇ ਸੈਮੀਨਾਰ ਦੌਰਾਨ ਆਰ.ਟੀ.ਆਈ. ਐਕਟ ਸਬੰਧੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਲੋਕਾਂ ਵੱਲੋਂ ਦਫਤਰਾਂ ਨਾਲ ਸਬੰਧਤ ਲੋਕ ਹਿੱਤ ਵਿੱਚ ਮੰਗੀ ਗਈ ਸੂਚਨਾ ਸਮੇਂ ਸਿਰ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਅਧਿਕਾਰੀ ਆਰ.ਟੀ.ਆਈ ਤਹਿਤ ਮੰਗੀ ਗਈ ਸੂਚਨਾ ਬਿਨਾਂ ਡਰ, ਭੈਅ ਦੇ ਆਰ.ਟੀ.ਆਈ ਕਾਨੂੰਨ ਤਹਿਤ ਲਿਖੀਆਂ ਹਦਾਇਤਾਂ ਅਨੁਸਾਰ ਬਣਦੀ ਸੂਚਨਾ ਮੁਹੱਈਆ ਕਰਵਾਉਣ।
ਇਸ ਦੌਰਾਨ ਸ੍ਰੀ ਮਨਦੀਪ ਸਿੰਘ ਅਤੇ ਮਨੀਸ਼ ਖੁੰਗਰ, ਵਰੁਣ ਬਾਂਸਲ ਨੇ ਆਰ.ਟੀ.ਆਈ. ਐਕਟ 2005 ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਆਰ.ਟੀ.ਆਈ ਐਕਟ ਲੋਕ ਪੱਖੀ ਐਕਟ ਹੈ, ਜਿਸ ਨਾਲ ਸਰਕਾਰੀ ਦਫਤਰਾਂ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਆਈ ਹੈ ਤੇ ਉਨਾਂ ਦੀ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਆਰ.ਟੀ.ਆਈ. ਸਬੰਧੀ ਮੰਗੀ ਗਈ ਸੂਚਨਾ ਜੋ ਲੋਕ ਹਿੱਤ ਵਿੱਚ ਹੋਵੇ ਉਹ ਸੂਚਨਾ ਪ੍ਰਦਾਨ ਕਰਨੀ ਯਕੀਨੀ ਬਣਾਈ ਜਾਵੇ। ਉਨਾਂ ਅੱਗੇ ਕਿਹਾ ਕਿ ਮੰਗੀ ਗਈ ਜੋ ਸੂਚਨਾ ਲੋਕ ਹਿੱਤ ਨਾਲ ਸਬੰਧਤ ਨਾ ਹੋਵੇ ਜਾਂ ਕਿਸੇ ਦੀਆਂ ਧਾਰਮਿਕ ਜਾਂ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ ਤਾਂ ਅਜਿਹੀ ਸੂਚਨਾ ਦੇਣ ਯੋਗ ਨਹੀਂ ਹੈ। ਉਨਾਂ ਇਹ ਵੀ ਕਿਹਾ ਕਿ ਤੀਜੇ ਧਿਰ ਦੀ ਨਿੱਜੀ ਜਾਂ ਘਰੇਲੂ ਮੰਗੀ ਗਈ ਸੂਚਨਾ ਵੀ ਐਕਟ ਤਹਿਤ ਦਿੱਤੀ ਨਹੀਂ ਜਾ ਸਕਦੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਹਰ ਵਿਭਾਗ ਲਈ ਜੋ ਲੋਕ ਸੂਚਨਾ ਅਫਸਰ ਜਾਂ ਸਹਾਇਕ ਲੋਕ ਸੂਚਨਾ ਅਫਸਰ ਨਿਯੁਕਤ ਕੀਤੇ ਗਏ ਹਨ ਉਨਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।
ਸੈਮੀਨਾਰ ਦੌਰਾਨ ਸੀਨੀਅਰ ਲੈਕਚਰਾਰ (ਆਈ.ਐੱਸ.ਐਮ) ਬਠਿੰਡਾ ਆਸ਼ੀਸ਼ ਨਿਖੰਜ ਵੱਲੋਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਵਿਧੀ ਅਤੇ ਤਰੀਕਿਆਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੇਵਾਂ ਕੇਂਦਰ ਦੇ ਇੰਜੀ. ਗਗਨਦੀਪ ਸਿੰਘ ਨੇ ਸੇਵਾ ਕੇਂਦਰ ਅਤੇ ਫਰਦ ਕੇਂਦਰ ਵਿੱਚ ਦਿੱਤੀਆਂ ਜਾਂ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਸਮੇਂ ਦੀ ਲੋੜ ਨੂੰ ਵੇਖਦਿਆਂ ਲੋਕ ਪੱਖੀ ਸੇਵਾਵਾਂ ਲਈ ਲੋੜੀਂਦੀਆਂ ਨਵੀਆਂ ਤਕਨੀਕਾਂ ਜਿਵੇਂ ਈ-ਡਿਸਟ੍ਰਿਕਟ, ਈ.ਸੇਵਾ, ਈ-ਆਫਿਸ ਅਤੇ ਡਿਜੀਟਲ ਇੰਡੀਆ ਆਦਿ ਸੇਵਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।
Pingback: RTI ACT 2005-ਤਹਿਤ ਮੰਗੀ ਗਈ ਸੂਚਨਾ ਸਮੇਂ ਸਿਰ ਮੁਹੱਈਆ ਕਰਵਾਉਣਾ ਲਾਜਿਮੀ