[embedyt] https://www.youtube.com/watch?v=LCbOizHtwD0[/embedyt]ਕਹਿੰਦਾ ਐਸ.ਐਚ.ੳ. ਦਾ ਦੰਦਾ ਵੱਡਾ, ਕੰਮ ਚਲਾਉਣੈ ਤਾਂ ਦੇਣੇ ਪੈਣਗੇ 20 ਹਜ਼ਾਰ ਮਹੀਨਾ !
ਹਰਿੰਦਰ ਨਿੱਕਾ , ਬਰਨਾਲਾ 7 ਜਨਵਰੀ 2023
ਐਸ.ਐਚ.ੳ. ਦਾ ਦੰਦਾ ਥੋਡ੍ਹਾ ਵੱਡਾ ਐ, ਜੇ ਕੰਮ ਚਲਾਉਣੈ ਤਾਂ 20 ਹਜ਼ਾਰ ਰੁਪਏ ਮਹੀਨਾ ਦੇਣੇ ਹੀ ਪੈਣਗੇ, ਇਹ ਮੰਗ ਐਸ.ਐਚ.ੳ. ਭਦੌੜ ਦਾ ਜ਼ਾਹਿਰ ਕਰਦਾ ਰੀਡਰ ਹਰਦੇਵ ਸਿੰਘ , ਸਾਹਮਣੇ ਆਈ ਇੱਕ ਆਡੀੳ ਦੌਰਾਨ ਕਰ ਰਿਹਾ ਹੈ। ਬੇਸ਼ੱਕ ਹਰਦੇਵ ਸਿੰਘ ਨੇ ਇਸ ਤਰਾਂ ਦੀ ਕਿਸੇ ਵੀ ਆਡੀੳ. ਵਿੱਚ ਆਪਣੀ ਅਵਾਜ਼ ਹੋਣ ਅਤੇ ਕੋਈ ਰਿਸ਼ਵਤ ਮੰਗਣ ਤੋਂ ਕੋਰਾ ਇਨਕਾਰ ਕੀਤਾ ਹੈ। ਐਸ.ਐਚ.ੳ. ਸੁਖਜਿੰਦਰ ਸਿੰਘ ਸੰਧੂ ਅਤੇ ਏ.ਐਸ.ਆਈ. ਮਨਜੀਤ ਸਿੰਘ ਨੇ ਖੁਦ ਤੇ ਰਿਸ਼ਵਤ ਮੰਗਣ ਦੇ ਲਾਏ ਦੋਸ਼ਾਂ ਦਾ ਖੰਡਨ ਕੀਤਾ ਹੈ। ਜਦੋਂਕਿ ਮੀਡੀਆ ਨਾਲ ਗੱਲਬਾਤ ਕਰਦਿਆਂ ਲਵ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਭਦੌੜ ਨੇ ਕਿਹਾ ਕਿ ਉਹ ਭਦੌੜ ਵਿਖੇ ਕਬਾੜ ਦਾ ਕੰਮ ਕਰਦਾ ਹੈ । ਉਨਾਂ ਦੋਸ਼ ਲਾਇਆ ਕਿ ਸੁਖਜਿੰਦਰ ਸਿੰਘ ਸੰਧੂ, ਐਸ.ਐਚ.ਓ. ਭਦੌੜ, ਏ.ਐਸ.ਆਈ. ਮਨਜੀਤ ਸਿੰਘ ਅਤੇ ਐਸ.ਐਚ.ੳ. ਦਾ ਰੀਡਰ ਹਰਦੇਵ ਸਿੰਘ ਉਸ ਤੋਂ 20 ਹਜ਼ਾਰ ਰੁਪਏ ਮਹੀਨਾਵਾਰ ਰਿਸ਼ਵਤ ਮੰਗ ਰਹੇ ਹਨ, ਰਿਸ਼ਵਤ ਨਾ ਦੇਣ ਬਦਲੇ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ ਅਤੇ ਕੋਈ ਝੂਠਾ ਕੇਸ ਦਰਜ਼ ਕਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਲਵ ਕੁਮਾਰ ਨੇ ਕਿਹਾ ਕਿ ਥਾਣੇਦਾਰ ਮਨਜੀਤ ਸਿੰਘ ਅਕਸਰ ਮੇਰੀ ਦੁਕਾਨ ਪਰ ਆ ਜਾਂਦਾ ਅਤੇ ਮੈਨੂੰ ਧਮਕਾਉਂਦਾ ਰਹਿੰਦਾ ਕਿ ਤੁਹਾਡਾ ਕਬਾੜ ਦਾ ਕੰਮ ਗੈਰ ਕਾਨੂੰਨੀ ਹੈ, ਇਸ ਲਈ ਤੁਹਾਡੇ ਕੋਲ ਕੋਈ ਲਾਇਸੰਸ ਨਹੀਂ ਹੈ । ਉਨਾਂ ਕਿਹਾ ਕਿ 14 ਦਸੰਬਰ 2022 ਨੂੰ ਏ.ਐਸ.ਆਈ. ਮਨਜੀਤ ਸਿੰਘ ਮੇਰੀ ਦੁਕਾਨ ਪਰ ਆਇਆ ਅਤੇ ਕਹਿਣ ਲੱਗਾ ਕਿ ਆਪਣੇ ਕਾਰੋਬਾਰ ਸਬੰਧੀ ਤੁਸੀਂ ਲਾਇਸੰਸ ਦਿਖਾਓ, ਜਦੋਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਜਾਣਕਾਰੀ ਨਹੀਂ ਕਿ ਕੋਈ ਲਾਇਸੰਸ ਦੀ ਜਰੂਰਤ ਹੈ ਜਾਂ ਕਿਸ ਅਥਾਰਟੀ ਪਾਸੋਂ ਬਣਾਉਣਾ ਪੈਂਦਾ ਹੈ ਤਾਂ ਉਹ ਕਹਿਣ ਲੱਗਾ ਕਿ ਤੇਰੇ ਉਪਰ ਪਰਚਾ ਬਣਦਾ ਹੈ, ਉੱਚ ਅਫਸਰਾਂ ਦੀ ਹਦਾਇਤ ਹੈ ਕਿ ਤੇਰੇ ਤੇ ਪਰਚਾ ਦਿੱਤਾ ਜਾਵੇ, ਅਗਰ ਤੂੰ ਬਚਣਾ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਫਿਰ ਮੈਨੂੰ ਕਹਿਣ ਲੱਗਾ ਕਿ ਉੱਚ ਅਫਸਰਾਂ ਨਾਲ ਗੱਲ ਕਰਕੇ ਦੱਸਾਂਗਾ ਅਤੇ ਉਹ ਮੇਰੇ ਪਾਸੋਂ ਡਰਾ ਧਮਕਾ ਕੇ 2000/- ਰੁਪਏ ਲੈ ਗਿਆ। ਉਸ ਨੇ ਆਪਣੀ ਦੁਕਾਨ ਤੇ ਥਾਣੇਦਾਰ ਮਨਜੀਤ ਸਿੰਘ ਦੇ ਆਉਣ ਸਬੰਧੀ ਸੀ.ਸੀ.ਟੀ.ਵੀ. ਫੁਟੇਜ਼ ਵੀ ਮੀਡੀਆ ਨੂੰ ਦਿਖਾਈ ਹੈ। ਲਵ ਕੁਮਾਰ ਨੇ ਕਿਹਾ ਕਿ ਫਿਰ 30-12-2022 ਨੂੰ ਉਕਤ ਮਨਜੀਤ ਸਿੰਘ, ਐਸ.ਐਚ.ਓ. ਸੁਖਜਿੰਦਰ ਸਿੰਘ ਸੰਧੂ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਕਰੀਬ 12 ਵਜੇ ਦੁਪਹਿਰ ਉਸ ਦੀ ਦੁਕਾਨ ਪਰ ਆਏ ਅਤੇ ਆਉਣ ਸਾਰ ਐਸ.ਐਚ.ਓ. ਸੁਖਜਿੰਦਰ ਸਿੰਘ ਸੰਧੂ ਨੇ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਆਪਣਾ ਲਾਇਸੰਸ ਦਿਖਾ ਤੂੰ ਕਾਰੋਬਾਰ ਕਿਵੇਂ ਕਰਦਾ ਹੈ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਕਬਾੜ ਦਾ ਕੋਈ ਵੀ ਲਾਇਸੈਂਸ ਸਰਕਾਰ ਵੱਲੋਂ ਜਾਰੀ ਹੁੰਦਾ ਹੈ ਜਾਂ ਨਹੀਂ ਮੈਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ, ਅਗਰ ਤੁਹਾਨੂੰ ਪਤਾ ਹੈ ਤਾਂ ਮੈਨੂੰ ਦੱਸ ਦੇਵੋ ਮੈਂ ਲਾਇਸੰਸ ਬਣਾ ਕੇ ਥਾਣੇ ਪੇਸ਼ ਕਰ ਦੇਵਾਂਗਾ। ਪ੍ਰੰਤੂ ਉਸ ਨੇ ਮੇਰੀ ਇੱਕ ਨਾ ਮੰਨੀ ਅਤੇ ਗਾਲੀ ਗਲੋਚ ਕਰਦਾ ਹੀ ਰਿਹਾ। ਫਿਰ ਦੂਸਰੇ ਮੁਲਾਜ਼ਮ ਵੀ ਗਾਲੀ ਗਲੋਚ ਕਰਦੇ ਰਹੇ ਅਤੇ ਕਿਹਾ ਕਿ ਤੂੰ ਥਾਣੇ ਆ ਕੇ ਮੁਨਸ਼ੀ ਨਾਲ ਗੱਲ ਕਰ ਲਈਂ । ਇਸ ਸਬੰਧੀ ਫੁਟੇਜ ਵੀ ਉਸ ਨੇ ਮੀਡੀਆ ਸਾਹਮਣੇ ਰੱਖੀ ।
ਮੈਂ ਫਿਰ ਰੀਡਰ ਕੋਲ ਗਿਆ ਤਾਂ,,
ਲਵ ਕੁਮਾਰ ਨੇ ਕਿਹਾ ਕਿ ਮੈਂ ਉਸੇ ਦਿਨ ਸ਼ਾਮ ਨੂੰ ਕਰੀਬ 6 ਵਜੇ ਰੀਡਰ ਹਰਦੇਵ ਸਿੰਘ ਪਾਸ ਗਿਆ ਤਾਂ ਉਸਨੇ ਕਿਹਾ ਕਿ ਨਵੇਂ ਐਸ.ਐਚ.ਓ. ਸਾਹਿਬ ਆਏ ਹਨ , ਅਗਰ ਤੂੰ ਕਾਰੋਬਾਰ ਕਰਨਾ ਹੈ ਤਾਂ ਪੁਲਿਸ ਨਾਲ ਮਿਲ ਕੇ ਹੀ ਕਰਨਾ ਪਵੇਗਾ ਅਤੇ ਮੌਜੂਦਾ ਐਸ.ਐਚ.ਓ. ਦਾ ਦੰਦਾ ਵੱਡਾ ਹੈ, ਉਹ ਗੱਲ ਕਰਕੇ ਦੱਸੇਗਾ , ਜਿਸ ਸਬੰਧੀ ਵਟਸਅਪ ਕਾਲ ਕਰਾਂਗੇ। ਲਵ ਕੁਮਾਰ ਨੇ ਕਿਹਾ ਕਿ ਮੈਂ ਡਰ ਗਿਆ ਅਤੇ ਵਾਪਿਸ ਆ ਗਿਆ। ਉਸੇ ਰਾਤ ਮੈਂ 9:07 ਮਿੰਟ ਤੇ ਉਸ ਦੇ ਮੋਬਾਇਲ ਨੰਬਰ 98775-05931 ਉਪਰ ਵਟਸਅਪ ਕਾਲ ਕੀਤੀ, ਡਰਨ ਕਾਰਨ ਮੈਂ ਉਹ ਕਾਲ ਦੂਸਰੇ ਫੋਨ ਨਾਲ ਰਿਕਾਰਡ ਵੀ ਕੀਤੀ। ਉਸ ਕਾਲ ਵਿੱਚ ਹਰਦੇਵ ਸਿੰਘ ਨੇ ਮੈਨੂੰ ਕਿਹਾ ਕਿ ਉਸ ਨੇ ਗੱਲ ਕਰ ਲਈ ਹੈ ਤੈਨੂੰ 20,000/- ਰੁਪਏ ਮਹੀਨਾ ਪੁਲਿਸ ਨੂੰ ਦੇਣਾ ਪਵੇਗਾ ਜੋ ਪੁਲਿਸ ਦਾ ਤੇਲ ਖਰਚਾ ਹੁੰਦਾ ਹੈ। ਇਹ ਰਿਕਾਰਡਿੰਗ ਵੀ ਲਵ ਨੇ ਮੀਡੀਆ ਨੂੰ ਪੇਸ਼ ਕੀਤੀ। ਲਵ ਕੁਮਾਰ ਨੇ ਦੱਸਿਆ ਕਿ ਉਸ ਨੇ ਇਹ ਘਟਨਾਕ੍ਰਮ ਸਬੰਧੀ ਲਿਖਤੀ ਆਨ ਲਾਈਨ ਸ਼ਕਾਇਤ, ਮੁੱਖ ਮੰਤਰੀ ਅਤੇ ਐਸ.ਐਸ.ਪੀ. ਬਰਨਾਲਾ ਨੂੰ ਭੇਜ ਕੇ ਮੰਗ ਕੀਤੀ ਹੈ ਕਿ ਉਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਜਾਵੇ ਅਤੇ ਮੈਨੂੰ ਇੰਨਸਾਫ ਬਖਸ਼ਿਆ ਜਾਵੇ । ਉਨ੍ਹਾਂ ਕਿਹਾ ਕਿ ਨਿਰਪੱਖ ਜਾਂਚ ਲਈ ਉਕਤ ਅਧਿਕਾਰੀਆਂ ਦੀ ਤੁਰੰਤ ਥਾਣੇ ਵਿੱਚੋਂ ਬਦਲੀ ਕੀਤੀ ਜਾਵੇ । ਉਨ੍ਹਾਂ ਡਰ ਜਾਹਿਰ ਕੀਤਾ ਕਿ ਜੇਕਰ ਉਨ੍ਹਾਂ ਦੀ ਭਦੌੜ ਤੋਂ ਬਦਲੀ ਨਾ ਕੀਤੀ ਗਈ ਤਾਂ ਉਹ ਮੇਰੇ ਖਿਲਾਫ ਕੋਈ ਝੂਠਾ ਮੁਕੱਦਮਾ ਵੀ ਦਰਜ ਕਰ ਸਕਦੇ ਹਨ। ਐਸ.ਐਚ.ੳ. ਭਦੌੜ ਸੁਖਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਮੈਂਨੂੰ ਕਿਸੇ ਰਿਕਾਰਡਿੰਗ ਜਾਂ ਸ਼ਕਾਇਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰੰਤੂ ਇੱਨ੍ਹਾਂ ਜਰੂਰ ਹੈ ਕੁੱਝ ਦਿਨ ਪਹਿਲਾਂ ਥਾਣਾ ਖੇਤਰ ਅੰਦਰ ਚਲਦੀਆਂ ਕਬਾੜ ਦੀਆਂ ਦੁਕਾਨਾਂ ਵਾਲਿਆਂ ਨੂੰ ਬੁਲਾ ਕੇ ਕਿਹਾ ਸੀ ਕਿ ਸਾਨੂੰ ਪਤਾ ਲੱਗਿਆ ਹੈ ਕਿ ਕਬਾੜ ਦੀਆਂ ਦੁਕਾਨਾਂ ਤੇ ਚੋਰੀ ਦੀਆਂ ਗੱਡੀਆਂ ਵੀ ਵਿਕਦੀਆਂ ਹਨ, ਇਸ ਲਈ ਕਬਾੜ ਦੀ ਦੁਕਾਨ ਤੇ ਖਰੀਦੀਆਂ ਜਾਂਦੀਆਂ, ਗੱਡੀਆਂ ਦਾ ਪੂਰਾ ਰਿਕਾਰਡ ਮੈਨਟੇਨ ਕੀਤਾ ਜਾਵੇ।