SSP ਨੇ ਅਧਿਆਪਕ ਬਣ ਕੇ, ਵਿਦਿਆਰਥੀਆਂ ਨੂੰ ਦੱਸੇ ਸਫਲਤਾ ਦੇ ਗੁਰ

Spread the love

ਸਿੱਖੋ ਤੇ ਵਧੋ-ਸਾਬੂਆਣਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਚ ਦਿੱਤਾ ਪ੍ਰੇਰਕ ਲੈਕਚਰ

ਬੀ.ਟੀ.ਐਨ. ਫਾਜਿ਼ਲਕਾ, 18 ਅਪ੍ਰੈਲ 2023

  ਸਿੱਖੋ ਅਤੇ ਵਧੋ (ਲਰਨ ਐਂਡ ਗ੍ਰੋਅ) ਪ੍ਰੋਗਰਾਮ ਤਹਿਤ ਫਾਜਿ਼ਲਕਾ ਦੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਅੱਜ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਸਾਬੂਆਣਾ ਦੇ ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਉਨ੍ਹਾਂ ਨੂੰ ਜੀਵਨ ਵਿਚ ਸਫਲਤਾ ਦੇ ਸੂਤਰ ਦੱਸੇ। ਆਪਣੇ ਪ੍ਰੇਰਕ ਲੈਕਚਰ ਰਾਹੀਂ ਐਸਐਸਪੀ ਅਵਨੀਤ ਕੌਰ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਵਰਤਮਾਨ ਮੁਕਾਮ ਤੱਕ ਦੀ ਜੀਵਨ ਯਾਤਰਾ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਜ਼ੇਕਰ ਅਸੀਂ ਆਪਣੀ ਜਿੰਦਗੀ ਦੇ ਟੀਚੇ ਨਿਰਧਾਰਤ ਕਰ ਲਈਏ ਅਤੇ ਫਿਰ ਇੰਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਮਿਹਨਤ ਕਰੀਏ ਤਾਂ ਮਨੁੱਖ ਜਿੰਦਗੀ ਵਿਚ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ।                                                  ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਸਫਲਤਾ ਲਈ ਲਾਜਮੀ ਹੈ ਕਿ ਟੀਚੇ ਪ੍ਰਤੀ ਸਪਸੱ਼ਟਤਾ ਹੋਵੇ ਤੇ ਫਿਰ ਉਸਦੀ ਪ੍ਰਾਪਤੀ ਲਈ ਆਪਣੇ ਸਮੇਂ ਦਾ ਸਹੀ ਪ੍ਰਬੰਧਨ ਕਰਕੇ ਸਖ਼ਤ ਮਿਹਨਤ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਦਾ ਮਜਬੂਤੀ ਨਾਲ ਸਾਹਮਣਾ ਕਰਦੇ ਹੋਏ ਅੱਗੇ ਵਧਿਆ ਜਾਵੇ ਅਤੇ ਕਦੇ ਵੀ ਆਪਣੇ ਟੀਚੇ ਤੋਂ ਧਿਆਨ ਭਟਕਨ ਨਾ ਦਿਓ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਆਨੰਦ ਲਵੋ ਪਰ ਇਹ ਤੁਹਾਡੇ ਟੀਚੇ ਦੀ ਪ੍ਰਾਪਤੀ ਦੇ ਰਾਹ ਦਾ ਰੋੜਾ ਨਾ ਬਣੇ।ਐਸਐਸਪੀ ਨੇ ਕਿਹਾ ਕਿ ਅਧਿਆਪਕ ਵਿਦਿਆਰਥੀ ਦਾ ਸਭ ਤੋਂ ਵੱਡਾ ਮਾਰਗਦਰਸ਼ਕ ਹੈ ਅਤੇ ਮਾਪੇ ਉਸਦੇ ਸੱਚੇ ਹਮਦਰਦ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮਸਕਿਲ ਸਮੇਂ ਆਪਣੇ ਮਾਂ ਬਾਪ ਨਾਲ ਗੱਲ ਜਰੂਰ ਕਰੋ। ਉਨ੍ਹਾਂ ਨੇ ਕਿਹਾ ਕਿ ਸਾਕਾਰਾਤਮਕ ਸੋਚ ਨਾਲ ਅੱਗੇ ਵਧਿਆ ਜਾਵੇ ਤਾਂ ਮੰਜਿਲ ਲਾਜਮੀ ਮਿਲਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਕਮਜੋਰ ਪੱਖ ਨੂੰ ਮਜਬੂਤ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਕਾਮਯਾਬ ਤੇ ਚੰਗੇ ਇਨਸਾਨ ਬਣਨਾ ਟੀਚਾ ਹੋਵੇ।                         

    ਐਸਐਸਪੀ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸੰਜਮ ਨਾਲ ਕਰਨ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਉਥੇ ਉਪਲਬੱਧ ਸਮੱਗਰੀ ਵਿਚੋਂ ਚੰਗੇ ਅਤੇ ਮਾੜੇ ਦਾ ਅੰਤਰ ਕਰਨ ਬਾਰੇ ਵੀ ਦੱਸਿਆ।ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਭਵਿੱਖ ਸਬੰਧੀ ਅਤੇ ਕੈਰੀਅਰ ਸਬੰਧੀ ਕਈ ਸਵਾਲ ਵੀ ਐਸਐਸਪੀ ਨੂੰ ਕੀਤੇ।

      ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਸਕੂਲ ਪ੍ਰਿੰਸੀਪਲ ਸ੍ਰੀ ਗੁਲਸ਼ਨ ਮਿਗਲਾਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਸੇਠੀ ਨੇ ਉਨ੍ਹਾਂ ਨੂੰ ਇਸ ਸਮਾਗਮ ਵਿਚ ਸਿ਼ਰਕਤ ਲਈ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਵਿਭਾਗ ਤੋਂ ਸ੍ਰੀ ਸਤਿੰਦਰ ਬੱਤਰਾ, ਡੀਟੀਸੀ ਸ੍ਰੀ ਮਨੀਸ਼ ਕੁਮਾਰ ਅਤੇ ਸਕੂਲ ਸਟਾਫ ਹਾਜਰ ਸੀ।


Spread the love
Scroll to Top