Traffic Police ਨੇ ਕਢਾਈਆਂ ਬੁਲੇਟ ਦੇ ਪਟਾਖੇ ਪਾਉਣ ਵਾਲਿਆਂ ਦੀਆਂ ਚੀਕਾਂ

Spread the love

ਅਸ਼ੋਕ ਵਰਮਾ , ਬਠਿੰਡਾ 8 ਜੂਨ 2023 
    ਬੁਲੇਟ ਮੋਟਰਸਾਈਕਲਾਂ ’ਤੇ ਵਿਸ਼ੇਸ਼ ਸਾਈਲੈਂਸਰਾਂ ਰਾਹੀਂ ਪਟਾਕੇ ਵਜਾ ਕੇ ਆਮ ਲੋਕਾਂ ਅਤੇ ਰਾਹਗੀਰਾਂ ਲਈ ਮੁਸੀਬਤ ਬਣ ਰਹੇ ਚਾਲਕਾਂ ਦੀਆਂ ਬਠਿੰਡਾ ਟਰੈਫਿਕ ਪੁਲੀਸ ਨੇ  ‘ਚੀਕਾਂ’ ਕੱਢਾ ਦਿੱਤੀਆਂ ਹਨ। ਟਰੈਫਿਕ ਪੁਲੀਸ ਨੇ ਇਸ ਮੁਹਿੰਮ ਤਹਿਤ ਪਿਛਲੇ ਤਿੰਨ ਦਿਨਾਂ ਦੌਰਾਨ ਪਟਾਕੇ ਵਜਾਉਣ ਵਾਲੇ ਤਕਰੀਬਨ ਛੇ ਦਰਜਨ ਮੋਟਰਸਾਈਕਲ ਚਾਲਕਾਂ ਦੇ ਚਲਾਨ ਕੀਤੇ ਹਨ ਜਦੋਂ ਕਿ 10 ਬੁਲੇਟ ਮੋਟਰਸਾਈਕਲਾਂ ਨੂੰ ਜ਼ਬਤ  ਕੀਤਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਸਾਈਲੈਂਸਰ ਤਿਆਰ ਕਰਨ ਵਾਲਿਆਂ ਨੂੰ ਸੁਧਰ ਜਾਣ ਦੀ ਕਰੜੀ ਨਸੀਹਤ ਦਿੱਤੀ ਹੈ। ਪੁਲੀਸ  ਨੇ ਸ਼ਹਿਰ ਨੂੰ ਬੁਲੇਟ ਦੇ ਪਟਾਕਿਆਂ ਤੋਂ  ਮੁਕਤ ਕਰਨ ਦਾ ਟੀਚਾ ਮਿੱਥਿਆ ਹੈ।                                                         
       ਏਡੀਜੀਪੀ ਦੇ ਨਵੇਂ ਹੁਕਮ ਆਉਣ ਤੋਂ ਬਾਅਦ  ਟਰੈਫਿਕ ਪੁਲੀਸ ਨੇ ਹੁਣ ਉਨ੍ਹਾਂ ਕਾਕਿਆਂ ਨੂੰ ਹੱਥ ਪਾਇਆ ਹੈ ਜੋ ਆਪਣੇ ਬੁਲੇਟ ਮੋਟਰਸਾਈਕਲਾਂ ਤੇ ਪਟਾਕੇ ਵਜਾਕੇ ਮਾਹੌਲ ਵਿਗਾੜਦੇ ਤੇ ਵਾਤਾਵਰਣ ’ਚ ਸ਼ੋਰ ਪ੍ਰਦੂਸ਼ਨ ਫੈਲਾਉਂਦੇ ਆ ਰਹੇ ਸਨ। ਐਸ ਐਸ ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਵੀ ਇਨ੍ਹਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ ਜਿਸ ਤੋਂ ਬਾਅਦ  ਬਠਿੰਡਾ ਟਰੈਫਿਕ ਪੁਲੀਸ ਪੂਰੀ ਤਰਾਂ ਹੌਂਸਲੇ ’ਚ ਆ ਗਈ ਹੈ। ਇਨ੍ਹਾਂ   ਹਦਾਇਤਾਂ ਦੇ ਅਧਾਰ ਤੇ ਟਰੈਫਿਕ ਪੁਲਿਸ ਦੇ ਮੁਲਾਜਮਾਂ  ਨੇ ਤਿੰਨ ਦਿਨਾਂ ਦੌਰਾਨ ਇਨ੍ਹਾਂ ਬੁਲੇਟ ਮੋਟਰਸਾਈਕਲਾਂ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਦੀ ਇਹ ਮੁਹਿੰਮ ਅੱਜ ਵੀ ਲਗਾਤਾਰ ਜਾਰੀ  ਰਹੀ।                 
      ਟਰੈਫਿਕ  ਪੁਲੀਸ ਨੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਨੌਜਵਾਨ ਮੁੰਡਿਆਂ ਨੂੰ ਆਖਿਆ ਹੈ ਕਿ ਉਹ ਹੁਣ ਸੁਧਰ ਜਾਣ ਨਹੀਂ ਤਾਂ ਜੇਲ੍ਹ ਦੀ ਹਵਾ ਖਾਣੀ ਪਵੇਗੀ।ਪਤਾ ਲੱਗਿਆ ਹੈ ਕਿ ਇਸ ਮੌਕੇ  ਕੁੱਝ ਨੌਜਵਾਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਪ੍ਰਭਾਵ ਪੁਆਉਣ ਲਈ ਮੋਬਾਇਲ ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜਮਾਂ ਨੇ ਇੱਕ ਨਹੀਂ ਸੁਣੀ  । ਟਰੈਫਿਕ ਪੁਲਿਸ ਅਧਿਕਾਰੀਆਂ ਨੇ ਆਖਿਆ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਖੜਮਸਤੀ ਨਹੀਂ ਕਰਨ ਦੇਣਗੇ ਅਤੇ ਹੁੱਲੜਬਾਜਾਂ ਖਿਲਾਫ ਸਖਤੀ ਵਰਤੀ ਜਾਏਗੀ। ਦਰਅਸਲ ਪਹਿਲਾਂ ਸ਼ਹਿਰ ਦੀ ਅਜੀਤ ਰੋਡ ਮੁੰਡਿਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਬਣੀ ਹੋਈ ਸੀ। ਅਸਮਾਨ ਛੂੰਹਦੀ ਬੁਲੇਟ ਦੀ ਵਿੱਕਰੀ ਤੋਂ ਮਗਰੋਂ  ਹੁਣ ਇਸ ਬਿਮਾਰੀ ਨੇ ਸ਼ਹਿਰ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ  ਹੈ।                 ਅਜੀਤ ਰੋਡ ਇਲਾਕੇ ’ਚ ਪੀਜੀ ਹਾਊਸਿਜ਼ ਦੀ ਭਰਮਾਰ ਹੈ ਜਿੱਥੇ ਮੁੰਡੇ ਕੁੜੀਆਂ ਰਹਿ ਕੇ ਆਪਣੀ ਆੲਂਲੈਟਸ ਵਗੈਰਾ ਨਾਲ ਸਬੰਧਤ ਪੜ੍ਹਾਈ ਕਰਦੇ ਹਨ। ਅਕਸਰ ਇੰਨ੍ਹਾਂ ਮੁਹੱਲਿਆਂ ਵਿੱਚ  ਮੁੰਡੇ ਬੁਲੇਟ ਤੇ ਗੇੜੀਆਂ ਮਾਰਦੇ ਅਤੇ ਪਟਾਕੇ ਵਜਾਉਂਦੇ ਨਜ਼ਰ ਆਉਂਦੇ ਹਨ। ਇਸ ਇਲਾਕੇ  ’ਚ ਅਕਸਰ ਮੁੰਡਿਆਂ   ਵਿਚਕਾਰ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਥਾਵਾਂ ਤੇ ਅਪਰਾਧੀ ਅਨਸਰਾਂ ਦੇ ਛੁਪੇ ਹੋਣ ਦੀ ਚਰਚਾ  ਤੋਂ ਬਾਅਦ ਪੁਲਿਸ ਇਸ ਇਲਾਕੇ ’ਚ ਤਲਾਸ਼ੀ ਮੁਹਿੰਮ  ਚਲਾਉਂਦੀ ਰਹਿੰਦੀ ਹੈ। ਕਈ ਵਾਰ ਤਾਂ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ ਕਤਲ ਵੀ ਹੋਇਆ ਹੈ। ਇਸ ਖੇਤਰ  ਨੂੰ ਅਮਨ ਕਾਨੂੰਨ ਦੇ ਪੱਖ ਤੋਂ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। 
      ਇਸ ਤਰਾਂ ਦੇ ਤੱਥਾਂ ਦੇ ਮੱਦੇਨਜ਼ਰ ਹੁਣ  ਜਿਲ੍ਹਾ ਪੁਲਿਸ ਨੇ ਇਸ ਇਲਾਕੇ  ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਪ੍ਰਦੂਸ਼ਣ ਦੀ ਰੋਕਥਾਮ ਵਾਸਤੇ ਹੁਕਮ ਜਾਰੀ ਕੀਤੇ ਹੋਏ ਹਨ। ਹੁਣ ਟਰੈਫਿਕ ਪੁਲਸ  ਹਰਕਤ ਵਿੱਚ ਆਈ ਹੈ ਅਤੇ ਪਟਾਕਿਆਂ ਤੇ ਸ਼ਿਕੰਜਾ ਕਸਿਆ ਹੈ। ਟਰੈਫਿਕ ਪੁਲਿਸ ਮੁਲਾਜ਼ਮਾਂ  ਨੇ ਦੱਸਿਆ ਕਿ ਮੋਟਰਸਾਈਕਲਾਂ ’ਤੇ ਪਟਾਕੇ ਵਜਾਉਣ ਵਾਲੇ ਸਾਈਲੈਂਸਰ ਨਾ ਲੁਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਮਕੈਨਿਕਾਂ ਤੇ ਸਪੇਅਰ ਪਾਰਟਸ ਦੇ ਦੁਕਾਨਦਾਰਾਂ ਨੂੰ ਸਾਈਲੈਂਸਰਾਂ ਵਿੱਚ ਤਬਦੀਲੀ ਕਰਕੇ ਇਨ੍ਹਾਂ ਨੂੰ ਪਟਾਕੇ ਵਜਾਉਣਯੋਗ ਬਨਾਉਣ ਦੀ ਪ੍ਰਕਿਰਿਆ ਬੰਦ ਕਰਨ ਲਈ ਵੀ ਆਖਿਆ ਜਾ ਰਿਹਾ ਹੈ।
       ਗੌਰਤਲਬ ਹੈ ਕਿ ਬਠਿੰਡਾ ਵਿੱਚ ਖਪਤਕਾਰ ਹੱਕਾਂ ਦੀ ਲੜਾਈ ਲੜਨ ਵਾਲੀ ਸੰਸਥਾ ਗ੍ਰਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ  ਨੇ ਕੁੱਝ ਦਿਨ ਪਹਿਲਾਂ ਇਹ ਮੁੱਦਾ ਉਠਾਇਆ ਸੀ। ਉਸਤੋਂ ਬਾਅਦ ਏਡੀਜੀਪੀ ਟ੍ਰੈਫਿਕ ਨੇ ਸਮੂਹ ਜ਼ਿਲ੍ਹਾ ਪੁਲਿਸ ਕਪਤਾਨਾਂ ਤੇ ਸਬੰਧਤ ਪੁਲੀਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬੁਲੇਟ ਦੇ ਪਟਾਕਿਆਂ ਤੇ ਸਖਤੀ ਨਾਲ ਰੋਕ ਲਗਾਉਣ ਲਈ ਕਿਹਾ ਸੀ। ਪੱਤਰ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਲਗਾਤਾਰ ਇਹ ਅਮਲ ਜਾਰੀ ਰੱਖਣ ਵਾਲਿਆਂ  ਨੂੰ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।ਦੱਸ ਦੇਈਏ ਕਿ ਮਾਲਵੇ ਦੇ ਨੌਜਵਾਨਾਂ ’ਚ ਬੁਲੇਟ ਖਰੀਦਣ ਦਾ ਵੱਡਾ ਕੇਰਜ਼ ਹੈ ਅਤੇ ਮਹਿੰਗਾ ਹੋਣ ਦੇ ਬਾਵਜੂਦ ਇਹ  ਮੁੰਡਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। 
ਆਮ ਲੋਕਾਂ ਲਈ ਤਕਲੀਫ਼ਦੇਹ : ਗੋਇਲ
       ਸੰਜੀਵ ਗੋਇਲ ਨੇ ਦੱਸਿਆ ਕਿ ਜੇ ਬੁਲਟ ਦੇ ਪਟਾਕੇ  ਬਜ਼ੁਰਗ ਨਾਗਰਿਕਾਂ ਅਤੇ ਬਿਮਾਰਾਂ ਲਈ ਤਕਲੀਫ਼ਦੇਹ ਬਣੇ ਹੋਏ ਹਨ।। ਉਨ੍ਹਾਂ ਦੱਸਿਆ ਕਿ ਕਾਫ਼ੀ ਸਮਾਂ ਬੁਲੇਟ ਤੇ ਲਗਾਤਾਰ ਪੰਜ ਛੇ ਪਟਾਕੇ ਵਜਾਉਣ ’ਤੇ  ਪੈਦਲ ਜਾ ਰਹੀ ਔਰਤ ਨੂੰ ਦੌਰਾ ਪੈਣ ਤੋਂ ਮਸਾਂ ਬਚਿਆ ਸੀ। ਉਨ੍ਹਾਂ ਦੱਸਿਆ ਕਿ  ਪੁਲਿਸ  ਕੁੱਝ ਦਿਨ ਨਾਕਾਬੰਦੀ ਕਰਕੇ  ਸਖਤੀ ਵਿਖਾਉਂਦੀ ਜਿਸ ਦਾ ਅਸਰ ਵੀ ਹੁੰਦਾ ਹੈ ਪਰ ਮਗਰੋਂ ਸਭ ਪਹਿਲਾਂ ਦੀ ਤਰਾਂ ਹੋ ਜਾਂਦਾ ਹੈ । ਉਨ੍ਹਾਂ ਮੰਗ ਕੀਤੀ ਕਿ ਟ੍ਰੈਫਿਕ ਪੁਲਸ ਲਗਾਤਾਰ ਸਖ਼ਤੀ ਦਿਖਾਵੇ ਅਤੇ ਪਟਾਕੇ ਵਜਾਉਣ ਵਾਲੇ ਮੋਟਰ ਸਾਈਕਲਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ।
ਟਰੈਫਿਕ ਪੁਲੀਸ ਵੱਲੋਂ ਸਖ਼ਤ ਕਾਰਵਾਈ
      ਟਰੈਫਿਕ ਪੁਲਿਸ ਦੇ ਇੰਜਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਇਸ ਤਰਾਂ ਆਪਣੇ ਮੋਟਰਸਾਈਕਲਾਂ ਤੇ ਪਟਾਕੇ ਆਦਿ ਨਾਂ ਵਜਾਉਣ ਕਿਉਂਕਿ ਇਹ ਹੋਰਨਾਂ ਲਈ ਸਮੱਸਿਆ ਬਣਦੇ ਹਨ। ਉਨ੍ਹਾਂ ਆਖਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਅਜਿਹਾ ਨਾ ਕਰਨ ਬਾਰੇ ਅਪੀਲ ਵੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ  ਇਸ ਤਰਾਂ ਕਰਨਾ ਕਾਨੂੰਨ ਦੇ ਉਲਟ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ  ਸਾਈਲੈਂਸਰ ਮੋਡੀਫਾਈ ਕਰਨ ਵਾਲਿਆਂ ਨੂੰ ਵੀ ਇਸ ਸਬੰਧੀ ਤਾੜਨਾ ਕੀਤੀ ਗਈ ਹੈ।

Spread the love
Scroll to Top